
ਸੋਸ਼ਲ ਮੀਡੀਆ 'ਤੇ ਅਕਾਲ ਅਕੈਡਮੀ ਬੜੂ ਸਾਹਿਬ ਵਿਰੁਧ ਵਾਇਰਲ ਹੋ ਰਹੀਆਂ ਪੋਸਟਾਂ ਤੋਂ ਸੰਗਤਾਂ ਸੁਚੇਤ ਰਹਿਣ
ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰ ਕਰ ਰਹੇ ਨੇ ਅਕਾਲ ਅਕੈਡਮੀ ਬੜੂ ਸਾਹਿਬ ਨੂੰ ਬਦਨਾਮ
ਚੰਡੀਗੜ੍ਹ, 25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੁੱਝ ਸ਼ਰਾਰਤੀ ਅਤੇ ਪੰਥ ਦੋਖੀ ਅਨਸਰਾਂ ਵਲੋਂ ਸੋਸ਼ਲ ਮੀਡੀਆ ਉਤੇ ਇਕ ਵੀਡੀਉ ਜਿਸ ਵਿਚ ਕਿਸੇ ਡੇਰੇ ਦਾ ਮੁਖੀ ਇਕ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਰਿਹਾ ਹੈ, ਨੂੰ ਅਕਾਲ ਅਕੈਡਮੀ ਬੜੂ ਸਾਹਿਬ (ਹਿ.ਪ੍ਰ.) ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ, ਜਦੋਂ ਕਿ ਇਹ ਵੀਡੀਉ ਸੂਰਮਾ ਕੀਰਤਨੀਆ ਸਿੰਘ ਬਾਬਾ ਸੁਜਾਨ ਸਿੰਘ ਦੀ ਹੈ, ਜੋ ਕਿ ਕਬੀਰ ਗੰਜ ਯ.ੂਪੀ. ਦਾ ਰਹਿਣ ਵਾਲਾ ਹੈ । ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਅਕੈਡਮੀਆਂ ਮਾਰਚ ਮਹੀਨੇ ਤੋਂ ਹੀ ਬੰਦ ਹਨ ਪਰ ਸ਼ਰਾਰਤੀ ਅਨਸਰਾਂ ਵਲੋਂ ਬੜੂ ਸਾਹਿਬ ਅਧੀਨ ਅਕਾਲ ਅਕੈਡਮੀਆਂ ਨੂੰ ਬਦਨਾਮ ਕਰਨ ਲਈ ਸ਼ੋਸ਼ਲ ਮੀਡੀਆਂ ਉਤੇ ਕੋਝੀਆਂ ਚਾਲਾਂ ਚੱਲ ਕੇ ਬੜੂ ਸਾਹਿਬ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਬਿਨਾਂ ਸੋਚੇ-ਸਮਝੇ ਅਜਿਹੀਆਂ ਗ਼ਲਤ ਅਤੇ ਸ਼ਰਮਨਾਕ ਵੀਡੀਉ ਨੂੰ ਬੜੂ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ, ਜਦੋਂ ਕਿ ਬੜੂ ਸਾਹਿਬ ਨਾਲ ਅਜਿਹੀਆਂ ਵੀਡੀਉ ਦਾ ਕੋਈ ਸਬੰਧ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਤੇ ਬੇਵਜਾ ਪੋਸਟਾਂ ਨੂੰ ਬੜੂ ਸਾਹਿਬ ਨਾਲ ਜੋੜ ਕੇ ਪ੍ਰਚਾਰਨ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ ਅਤੇ ਸੋਸ਼ਲ ਮੀਡੀਆ ਉਤੇ ਸ਼ਰਾਰਤੀ ਅਨਸਰਾਂ ਵਲੋਂ ਜਾਣ-ਬੁੱਝ ਕੇ ਫੈਲਾਈ ਜਾ ਰਹੇ ਵੀਡੀਉ ਲਿੰਕ ਨੂੰ ਬੜੂ ਸਾਹਿਬ ਨਾਲ ਜੋੜਨਾ ਜਿੱਥੇ ਮਾਣ-ਹਾਨੀ ਸਮਝਿਆ ਜਾਵੇਗਾ, ਉਥੇ ਨਾਲ ਹੀ ਅਜਿਹਾ ਕਰਨ ਵਾਲਿਆਂ ਦੇ ਵਿਰੁਧ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ । ਬੜੂ ਸਾਹਿਬ (ਹਿ.ਪ੍ਰ.) ਦੀਆਂ ਸ਼ਰਧਾਲੂ ਸੰਗਤਾਂ ਅਜਿਹੀਆਂ ਘਟੀਆਂ ਪੋਸਟਾਂ ਪਾਉਣ ਵਾਲਿਆਂ ਤੋਂ ਸੁਚੇਤ ਰਹਿਣ ।