
'ਆਪ' ਅਤੇ ਕਾਂਗਰਸ 'ਤੇ ਭੜਕੇ ਸੁਖਬੀਰ ਸਿੰਘ ਬਾਦਲ
ਪਟਿਆਲਾ: ਖੇਤੀ ਬਿਲਾਂ ਖ਼ਿਲਾਫ਼ ਵਿਰੋਧ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਟਿਆਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ ਵਿਖੇ ਵਰਕਰਾਂ ਤੇ ਸਮਰਥਕਾਂ ਨਾਲ ਬੈਠਕ ਕੀਤੀ। ਇਸ ਦੌਰਾਨ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਪੰਜਾਬੀਆਂ ਦੀ ਪਾਰਟੀ ਹੈ।
Shiromani Akali Dal
ਉਹਨਾਂ ਕਿਹਾ ਪੂਰੇ ਦੇਸ਼ ਵਿਚ ਸਿਰਫ਼ ਅਕਾਲੀ ਦਲ ਹੀ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸੰਸਦ ਵਿਚ ਵੀ ਸਰਕਾਰ ਨੂੰ ਕਿਹਾ ਸੀ ਕਿ ਇਹ ਕਾਨੂੰਨ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਅਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਵਿਚਾਰ ਕਰਨੀ ਚਾਹੀਦੀ ਸੀ। ਪਰ ਕਾਨੂੰਨ ਬਣਾਉਣ ਸਮੇਂ ਅਕਾਲੀ ਦਲ ਨੂੰ ਨਹੀਂ ਪੁੱਛਿਆ ਗਿਆ।
Sukhbir Badal And Parkash Singh Badal
ਉਹਨਾਂ ਕਿਹਾ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਕਮੇਟੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਨ ਤੇ ਉਹਨਾਂ ਨੂੰ ਇਸ ਬਾਰੇ ਡੇਢ ਸਾਲ ਤੋਂ ਜਾਣਕਾਰੀ ਸੀ ਪਰ ਉਹਨਾਂ ਨੇ ਇਸ ਗੱਲ ਦੀ ਭਾਫ ਵੀ ਨਹੀਂ ਕੱਢੀ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਵਿਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਮਿਲਦੇ ਰਹੇ ਤੇ ਖੇਤੀ ਸਬੰਧੀ ਮਾਹਿਰਾਂ ਦੇ ਵਿਚਾਰ ਲੈਂਦੇ ਰਹੇ।
Sukhbir Badal And Harsimrat Badal
ਉਹਨਾਂ ਨੇ ਸਾਰੇ ਵਿਚਾਰ ਕੇਂਦਰ ਸਰਕਾਰ ਦੇ ਸਾਹਮਣੇ ਪੇਸ਼ ਕੀਤੇ ਤਾਂ ਜੋ ਉਸ ‘ਤੇ ਵਿਚਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਦੀ ਇਹੀ ਕੋਸ਼ਿਸ਼ ਸੀ ਕਿ ਜੇਕਰ ਕਿਸਾਨਾਂ ਲਈ ਕਾਨੂੰਨ ਬਣ ਰਿਹਾ ਹੈ ਤਾਂ ਉਸ ਨਾਲ ਕਿਸਾਨ ਖੁਸ਼ ਹੋਣੇ ਚਾਹੀਦੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਬਿਲ ਸੰਸਦ ਵਿਚ ਨਾ ਲਿਆਉਣ ਦੀ ਅਪੀਲ ਵੀ ਕੀਤੀ। ਪਰ ਸਰਕਾਰ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਜਿਸ ਲਈ ਹਰਸਿਮਰਤ ਬਾਦਲ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਹਨਾਂ ਕਿਹਾ ਜੇ ਅਕਾਲੀ ਦਲ ਨੂੰ ਕੁਰਸੀ ਪਿਆਰੀ ਹੁੰਦੀ ਤਾਂ ਉਹ ਜੇਲ੍ਹਾਂ ਨਾ ਕੱਟਦੇ।
Sukhbir Badal
ਅੱਗੇ ਉਹਨਾਂ ਕਿਹਾ ਸ੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰੇਗਾ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਕ ਕਿਸਾਨ ਜਥੇਬੰਦੀ ਹੈ। ਸੁਖਬੀਰ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ 1 ਅਕਤੂਬਰ ਨੂੰ ਕਿਸਾਨ ਮਾਰਚ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਤਿੰਨਾਂ ਤਖ਼ਤਾਂ ਤੋਂ ਅਰਦਾਸ ਕਰਨ ਉਪਰੰਤ ਪਾਰਟੀ ਆਗੂਆਂ, ਵਰਕਰਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦਾ ਇਹ ਪ੍ਰਦਰਸ਼ਨ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ।