
ਚੰਨੀ ਮੰਤਰੀ ਮੰਡਲ ਦਾ ਸਹੁੰ ਚੁਕ ਸਮਾਰੋਹ ਅੱਜ
ਮੁੱਖ ਮੰਤਰੀ ਨੇ ਰਾਜਪਾਲ ਨੂੰ ਮੰਤਰੀਆਂ ਦੀ ਸੂਚੀ ਸੌਂਪੀ
ਚੰਡੀਗੜ੍ਹ, 25 ਸਤੰਬਰ (ਗੁਰਉਪਦੇਸ਼ ਭੁੱਲਰ): ਚੰਨੀ ਸਰਕਾਰ ਦੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਂ ਤੈਅ ਹੋ ਜਾਣ ਬਾਅਦ ਹੁਣ ਇਨ੍ਹਾਂ ਮੰਤਰੀਆਂ ਦੇ ਸਹੁੰ ਚੁਕ ਪ੍ਰੋਗਰਾਮ ਦਾ ਸਮਾਂ ਵੀ ਤੈਅ ਹੋ ਗਿਆ ਹੈ। ਇਹ ਮੰਤਰੀ ਐਤਵਾਰ 26 ਸਤੰਬਰ ਨੂੰ ਸ਼ਾਮ 4.30 ਵਜੇ ਪੰਜਾਬ ਰਾਜ ਭਵਨ ਵਿਚ ਹੋਣ ਵਾਲੇ ਪ੍ਰੋਗਰਾਮ ਵਿਚ ਅਹੁਦੇ ਦੀ ਸਹੁੰ ਚੁਕਣਗੇ। ਕਾਂਗਰਸ ਹਾਈਕਮਾਨ ਵਲੋਂ ਨਵੇਂ ਮੰਤਰੀਆਂ ਦੀ ਸੂਚੀ ਨੂੰ ਪ੍ਰਵਾਨਗੀ ਮਿਲਣ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬਾਅਦ ਦੁਪਹਿਰ ਪੰਜਾਬ ਰਾਜ ਭਵਨ ਪਹੁੰਚੇ ਅਤੇ ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪ੍ਰਰੋਹਿਤ ਨੂੰ ਮੰਤਰੀਆਂ ਦੀ ਸੂਚੀ ਸੌਂਪਦਿਆਂ ਸਹੁੰ ਚੁਕ ਸਮਾਰੋਹ ਲਈ ਸਮਾਂ ਮੰਗਿਆ। ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਵੀ ਸਨ। ਰਾਜਪਾਲ ਤੋਂ ਸਹੁੰ ਚੁਕ ਪ੍ਰੋਗਰਾਮ ਦਾ ਸਮਾਂ ਲੈਣ ਤੋਂ ਬਾਅਦ ਰਾਜ ਭਵਨ ਦੇ ਬਾਹਰ ਆ ਕੇ ਮੁੱਖ ਮੰਤਰੀ ਚੰਨੀ ਨੇ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿਤੀ। ਇਸ ਤੋਂ ਬਾਅਦ ਸਰਕਾਰ ਦੇ ਅਧਿਕਾਰੀਆਂ ਨੇ ਸਹੁੰ ਚੁਕ ਸਮਾਗਮ ਦੇ ਪ੍ਰਬੰਧਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਪਤਾ ਲੱਗਾ ਹੈ ਕਿ ਵੱਡਾ ਇਕੱਠ ਨਹੀਂ ਜਾ ਰਿਹਾ ਤੇ। ਸੀਮਤ ਗਿਣਤੀ ਵਿਚ ਸੱਦਾ ਪੱਤਰ ਦਿਤੇ ਜਾਣਗੇ।