
Punjab News: ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjab News: ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਹਾਲਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਾਬਾਲਗ ਲੜਕੇ ਨੇ ਆਪਣੇ ਪਿਤਾ ਨਾਲ ਮਿਲ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ। ਬਜ਼ੁਰਗ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਨਾਬਾਲਗ ਲੜਕੇ ਨੂੰ ਸਕੂਲ ਵਿੱਚ ਪੜ੍ਹਦੀ ਇੱਕ ਕੁੜੀ ਨਾਲ ਘੁੰਮਣ ਤੋਂ ਰੋਕਿਆ ਸੀ।
ਮ੍ਰਿਤਕ ਬਜ਼ੁਰਗ ਦੀ ਪਛਾਣ ਭਗਵੰਤ ਸਿੰਘ ਨੰਬਰਦਾਰ ਵਾਸੀ ਸਰਹਾਲਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਸਿੰਘ ਨੰਬਰਦਾਰ ਨੇ ਪਿੰਡ ਦੇ ਸਕੂਲ ਵਿਚ ਪੜ੍ਹਦੇ ਇਕ ਨਾਬਾਲਗ ਲੜਕੇ ਨੂੰ ਇਕ ਲੜਕੀ ਨਾਲ ਘੁੰਮਦੇ ਦੇਖ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਥੋੜ੍ਹਾ ਝਿੜਕਿਆ ਪਰ ਬਜ਼ੁਰਗ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ|
ਦੱਸਿਆ ਜਾ ਰਿਹਾ ਹੈ ਕਿ ਬੀਤੇ ਕੱਲ੍ਹ ਦੁਪਹਿਰ ਮ੍ਰਿਤਕ ਭਗਵੰਤ ਸਿੰਘ ਨੇ ਸਕੂਲ ਜਾ ਰਹੇ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਲੜਕਾ ਆਪਣੇ ਘਰ ਚਲਾ ਗਿਆ ਅਤੇ ਸ਼ਾਮ ਨੂੰ ਆਪਣੇ ਪਿਤਾ ਸਾਬਕਾ ਫੌਜੀ ਅਮਨਪ੍ਰੀਤ ਸਿੰਘ ਨਾਲ ਭਗਵੰਤ ਸਿੰਘ ਦੇ ਘਰ ਪਹੁੰਚ ਗਿਆ।
ਇਸ ਦੌਰਾਨ ਘਰ ਵਿੱਚ ਮੌਜੂਦ ਭਗਵੰਤ ਸਿੰਘ ਉੱਤੇ ਦੋਵੇਂ ਪਿਓ-ਪੁੱਤ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੋਲੀ ਲੱਗਣ ਕਾਰਨ ਭਗਵੰਤ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਸਾਬਕਾ ਫੌਜੀ ਆਪਣੇ ਬੇਟੇ ਨੂੰ ਲੈ ਕੇ ਭਗਵੰਤ ਸਿੰਘ ਦੇ ਘਰ ਆਇਆ ਤਾਂ ਉਸ ਨੇ ਬਿਨਾਂ ਕੋਈ ਗੱਲਬਾਤ ਕੀਤੇ ਭਗਵੰਤ ਸਿੰਘ 'ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ, ਉੱਥੇ ਹੀ ਪੁੱਤਰ ਕਹਿ ਰਿਹਾ ਸੀ ਕਿ ਪਾਪਾ, ਸਿਰ 'ਚ ਗੋਲੀ ਮਾਰ ਦਿਓ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।