
ਜੋ ਪੰਜਾਬ ਵਿਚ ਕੈਪਟਨ ਦਾ ਚਿਹਰਾ ਸੀ ਉਸ 'ਤੇ ਜ਼ਰੂਰ ਲੱਗੇਗਾ ਦਾਗ
ਚੰਡੀਗੜ੍ਹ: ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਜ ਮਾਰਕਫੈੱਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਤੇ ਇਸ ਦੌਰਾਨ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿਚ ਸੁਖਜਿੰਦਰ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਰੱਜ ਕੇ ਭੜਾਸ ਕੱਢੀ। ਉਹਨਾਂ ਨੇ ਕੈਪਟਨ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਨੂੰ ਲੈ ਕੇ ਕਿਹਾ ਕਿ ਕੈਪਟਨ ਨਵੀਂ ਪਾਰਟੀ ਬਣਾ ਕੇ ਵੱਡੀ ਗ਼ਲਤੀ ਕਰ ਰਹੇ ਹਨ।
Captain Amarinder With Amit Shah
ਜਿਸ ਕਾਂਗਰਸ ਨੇ ਕੈਪਟਨ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ ਤੇ ਇੰਨਾ ਮਾਣ ਦਿੱਤਾ, ਉਹ ਅੱਜ ਭਾਜਪਾ ਦੇ ਕਹਿਣ 'ਤੇ ਜਾਂ ਆਪ ਹੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੈਪਟਨ ਨੂੰ ਆਪਣੀ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ, ਪਾਰਟੀ ਬਣਾ ਕੇ ਉਹ ਵੱਡੀ ਗਲਤੀ ਕਰਨਗੇ ਤੇ ਜੋ ਉਹਨਾਂ ਦਾ ਪੰਜਾਬ ਵਿਚ ਚਿਹਰਾ ਸੀ ਉਸ 'ਤੇ ਦਾਗ ਜ਼ਰੂਰ ਲੱਗੇਗਾ।
Captain Amarinder Singh and Sukhjinder Randhawa
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੇਰੀ ਕੈਪਟਨ ਨਾਲ ਅਰੂਸਾ ਆਲਮ ਨੂੰ ਲੈ ਕੇ ਕਈ ਵਾਰ ਲੜਾਈ ਵੀ ਹੋਈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ ਹਨ ਅਤੇ ਗੁਰਬਾਣੀ ਵਿਚ ਵੀ ਪਰਾਈ ਔਰਤ ਨਾਲ ਸਬੰਧ ਰੱਖਣ ਨੂੰ ਵਰਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਬੀਬੀ ਅਰੂਸਾ ਨਾਲ ਸ਼ੁਰੂ ਤੋਂ ਅਣਬਣ ਰਹੀ ਹੈ। ਕੇਂਦਰ ਸਰਕਾਰ ਵੱਲੋਂ ਬੀ. ਐੱਸ. ਐੱਫ. ਦਾ ਦਾਇਰਾ ਵਧਾਏ ਜਾਣ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਡਰੋਨ ਆਉਣੇ, ਟਿਫਿਨ ਬੰਬ ਮਿਲਣੇ ਅਤੇ ਹੈਰੋਇਨ ਆਉਣੀ ਇਹ ਸਭ ਕੈਪਟਨ ਅਮਰਿੰਦਰ ਦੀ ਦੇਣ ਹੈ।
Punjab Deputy Chief Minister Sukhjinder Singh Randhawa
ਕੈਪਟਨ ਅਮਰਿੰਦਰ ਨੇ ਇਹ ਸਭ ਇਸ ਲਈ ਕੀਤਾ ਤਾਂ ਜੋ ਪੰਜਾਬ ਵਿਚ ਬੀ. ਐੱਸ. ਐੱਫ. ਤੇ ਸੈਂਟਰਲ ਫੋਰਸ ਦੀ ਮੌਜੂਦਗੀ ਨੂੰ ਵਧਾਇਆ ਜਾ ਸਕੇ। ਰੰਧਾਵਾ ਨੇ ਕਿਹਾ ਕਿ ਬੀ. ਐੱਸ. ਐਫ. ਦਾ ਕੰਮ ਹੀ ਦੇਸ਼ ਦੀ ਸਰਹੱਦ ਦੀ ਰਾਖੀ ਕਰਨਾ ਹੈ ਅਤੇ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਆਪਣਾ ਵਿਰੋਧ ਪ੍ਰਗਟਾ ਚੁੱਕੀ ਹੈ ਅਤੇ ਅੱਗੇ ਵੀ ਲਗਾਤਾਰ ਜਤਾਉਂਦੀ ਰਹੇਗੀ। ਇਸ ਦੇ ਨਾਲ ਰੰਧਾਵਾ ਨੇ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਕਿਹਾ ਕਿ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਰਾਮ ਰਹੀਮ ਤੋਂ ਪੁੱਛਗਿੱਛ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਇਨਸਾਫ਼ ਜ਼ਰੂਰ ਮਿਲੇਗਾ।