
ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਕਾਫਲਾ ਸਿੱਧਾ ਜਲਿਆਂਵਾਲਾ ਬਾਗ ਪਹੁੰਚਿਆ।
ਅੰਮ੍ਰਿਤਸਰ: ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਬੁੱਧਵਾਰ ਨੂੰ ਪਰਿਵਾਰ ਸਮੇਤ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਹਵਾਈ ਅੱਡੇ 'ਤੇ ਉਪ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਭਾਜਪਾ ਦੇ ਸੀਨੀਅਰ ਅਧਿਕਾਰੀ ਅਤੇ ਸੂਬਾ ਸਰਕਾਰ ਦੇ ਸਕੱਤਰ ਇੰਚਾਰਜ ਪਹੁੰਚੇ। ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮਗਰੋਂ ਉਹਨਾਂ ਨੇ ਲੰਗਰ ਛਕਿਆ ਅਤੇ ਗੁਰੂ ਘਰ ਵਿਚ ਸੇਵਾ ਕੀਤੀ।
ਸਵੇਰੇ ਕਰੀਬ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਉਪ ਰਾਸ਼ਟਰਪਤੀ ਦਾ ਸਵਾਗਤ ਇੰਚਾਰਜ ਸਕੱਤਰ ਰਮੇਸ਼ ਕੁਮਾਰ, ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਰਾਜ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ, ਆਈ.ਜੀ ਬਾਰਡਰ ਰੇਂਜ ਮੋਨੀਸ਼ ਚਾਵਲਾ, ਐਸ.ਐਸ.ਪੀ ਸਵਪਨਾ ਸ਼ਰਮਾ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕੀਤਾ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਕਾਫਲਾ ਸਿੱਧਾ ਹਰਿਮੰਦਰ ਸਾਹਿਬ ਪਹੁੰਚਿਆ।
ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਕਾਫਲਾ ਸਿੱਧਾ ਜਲਿਆਂਵਾਲਾ ਬਾਗ ਪਹੁੰਚਿਆ। ਜਿੱਥੇ ਉਹਨਾਂ ਨੇ 1919 ਵਿਚ ਹੋਏ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਉਹਨਾਂ ਨੇ ਜਲ੍ਹਿਆਂਵਾਲਾ ਬਾਗ ਵਿਚ ਬਣੀ ਗੈਲਰੀ ਵੀ ਦੇਖੀ। ਇਸ ਮਗਰੋਂ ਉਹਨਾਂ ਨੇ ਦੁਰਗਿਆਣਾ ਮੰਦਰ 'ਚ ਦਰਸ਼ਨ ਕੀਤੇ ਅਤੇ ਇਸ ਉਪਰੰਤ ਉਪ ਰਾਸ਼ਟਰਪਤੀ ਭਗਵਾਨ ਵਾਲਮੀਕਿ ਤੀਰਥ ਵਿਖੇ ਪਹੁੰਚੇ। ਉਪ ਰਾਸ਼ਟਰਪਤੀ ਦੀ ਇਸ ਫੇਰੀ ਦੇ ਮੱਦੇਨਜ਼ਰ ਕੱਲ੍ਹ ਤੋਂ ਹੀ ਪ੍ਰਸ਼ਾਸ਼ਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।