
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਲਈ ਨਵਜੋਤ ਸਿੰਘ ਸਿੱਧੂ ਦਾ.....
ਡੇਰਾ ਬਾਬਾ ਨਾਨਕ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਲਈ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦਾ ਫੈਸਲਾ ਉਸ ਦੇ ਸੋਚਣਾ ਦਾ ਆਪਣਾ ਨਜ਼ਰੀਆ ਹੈ ਪਰ ਜਦੋਂ ਗੁਆਂਢੀ ਮੁਲਕ ਵੱਲੋਂ ਭਾਰਤੀ ਸੈਨਿਕਾਂ ਅਤੇ ਨਾਗਰਿਕਾਂ ਦੀ ਹੱਤਿਆ ਕੀਤੀ ਜਾ ਰਹੀ ਹੋਵੇ ਤਾਂ ਉਹ ਨਿੱਜੀ ਤੌਰ 'ਤੇ ਉਥੇ ਜਾਣ ਬਾਰੇ ਨਹੀਂ ਸੋਚ ਸਕਦੇ। ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਕ ਫੌਜੀ ਹੋਣ ਦੇ ਨਾਤੇ ਉਹ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਨੂੰ ਸਹਿਣ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਅੱਜ ਵੀ ਪਾਕਿਸਤਾਨੀ ਸਨਾਈਪਰਾਂ ਨੇ ਇਕ ਭਾਰਤੀ ਸੈਨਿਕ ਦੀ ਹੱਤਿਆ ਕਰ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਉਹ ਗੁਆਂਢੀ ਮੁਲਕ ਵਿੱਚ ਨਹੀਂ ਜਾ ਸਕਦੇ। ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਦੀ ਰਸਮ ਮੌਕੇ ਭਾਰਤ ਸਰਕਾਰ ਵੱਲੋਂ ਆਪਣੇ ਵਜ਼ੀਰ ਭੇਜਣ ਦੇ ਫੈਸਲੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਿਵੇਂ ਠੀਕ ਸਮਝਣ, ਉਞੇਂ ਕਰਨ ਪਰ ਉਹ ਨਿੱਜੀ ਤੌਰ 'ਤੇ ਮਹਿਸੂਸ ਕਰਦੇ ਹਨ ਕਿ ਭਾਰਤੀ ਸੈਨਿਕਾਂ ਅਤੇ ਨਾਗਰਿਕਾਂ ਦੀਆਂ ਭਾਵਨਾਵਾਂ ਪ੍ਰਤੀ ਹੋਰ ਸੰਵੇਦਨਸ਼ੀਲ ਦਿਖਾਉਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਨੀਤੀ ਅਤੇ ਅੱਤਵਾਦੀ ਗਰੁੱਪਾਂ ਨੂੰ ਸਮਰਥਨ ਦੇ ਮੱਦੇਨਜ਼ਰ ਭਾਰਤ ਵਿੱਚ ਜੋ ਵਾਪਰ ਰਿਹਾ ਹੈ, ਕੇਂਦਰ ਸਰਕਾਰ ਉਸ ਤੋਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਅੱਤਵਾਦ ਦੇ ਘਿਨਾਉਣੇ ਕਾਰਿਆਂ 'ਚ ਪਾਕਿਸਤਾਨ ਦੀ ਭੂਮਿਕਾ ਬਾਰੇ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਜਿਸ ਦਾ ਪ੍ਰਗਟਾਵਾ ਪਠਾਨਕੋਟ, ਮੁੰਬਈ, ਦੀਨਾਨਗਰ ਅਤੇ ਬਿਨਾਂ ਸ਼ੱਕ ਜੰਮੂ ਕਸ਼ਮੀਰ ਤੋਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਇਸ ਸਭ ਤੋਂ ਭਲੀ ਭਾਂਤ ਜਾਣੂੰ ਹੈ।
ਮੁੱਖ ਮੰਤਰੀ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆ ਆਖਿਆ ਕਿ ਜਦੋਂ ਤੱਕ ਭਾਰਤ ਵਿੱਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਹਿੰਸਕ ਗਤੀਵਿਧੀਆਂ ਨਹੀਂ ਰੁਕਦੀਆਂ, ਉਦੋਂ ਤੱਕ ਉਹ ਇਸ ਮੁਲਕ ਵਿੱਚ ਨਹੀਂ ਜਾਣਗੇ।