
ਗ੍ਰਹਿ ਮੰਤਰਾਲੇ ਵਲੋਂ ਕੋਰੋਨਾ ਨੂੰ ਕੰਟੋਰਲ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ
ਨਵੀਂ ਦਿੱਲੀ, 25 ਨਵੰਬਰ: ਦੇਸ਼ ਦੇ ਕੁਝ ਸੂਬਿਆਾਂ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋਣ ਦੇ ਮਾਮਲੇ ਵਿਚ ਗ੍ਰਹਿ ਮੰਤਰਾਲੇ ਨੇ ਕੋਵਿਡ -19 ਨਾਲ ਸਬੰਧਤ ਨਿਗਰਾਨੀ, ਕੰਟਰੋਲ ਅਤੇ ਸਾਵਧਾਨੀ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ 1 ਦਸੰਬਰ ਤੋਂ 31 ਦਸੰਬਰ ਤਕ ਲਾਗੂ ਹੋਣਗੇ। ਨਵੇਂ ਹੁਕਮਾਂ ਤਹਿਤ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਦੀ ਲਾਗ ਨੂੰ ਰੋਕਣ, ਵੱਖ-ਵੱਖ ਗਤੀਵਿਧੀਆਂ 'ਤੇ ਐਸਓਪੀ ਜਾਰੀ ਕਰਨ ਅਤੇ ਭੀੜ 'ਤੇ ਕਾਬੂ ਪਾਉਣ ਲਈ ਸਖ਼ਤ ਕਦਮ ਚੁੱਕਣਾ ਜ਼ਰੂਰੀ ਹੋਵੇਗਾ।
ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਸਿਰਫ਼ ਕੰਟੇਨਮੈਂਟ ਜ਼ੋਨ ਵਿਚ ਜ਼ਰੂਰੀ ਕੰਮਾਂ ਦੀ ਆਗਿਆ ਹੈ। ਸਥਾਨਕ ਜ਼ਿਲ੍ਹਾ, ਪੁਲਿਸ ਅਤੇ ਮਿਉਂਸਪਲ ਅਧਿਕਾਰੀ ਇਹ ਪੱਕਾ ਕਰਨ ਲਈ ਜ਼ਿੰਮੇਵਾਰ ਹੋਣਗੇ ਕਿ ਨਿਰਧਾਰਤ ਕੰਟੇਨਮੈਂਟ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਇਸ ਦੌਰਾਨ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣਗੀਆਂ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਦੀ ਸਥਿਤੀ ਦੇ ਅਪਣੇ ਮੁਲਾਂਕਣ ਦੇ ਆਧਾਰ 'ਤੇ, ਰਾਜ ਸ਼ਾਸਤ ਪ੍ਰਦੇਸ਼ ਸਿਰਫ਼ ਵਰਜਿਤ ਖੇਤਰਾਂ ਵਿਚ ਰਾਤ ਦੇ ਸਮੇਂ ਦੇ ਕਰਫ਼ਿਉ ਵਰਗੀਆਂ ਸਥਾਨਕ ਪਾਬੰਦੀਆਂ ਲਗਾ ਸਕਦੇ ਹਨ। (ਪੀਟੀਆਈ)