
ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ
ਚੰਡੀਗੜ੍ਹ : ਨੌਸਰਬਾਜ਼ਾਂ ਵਲੋਂ ਲੋਕਾਂ ਦੇ ਖਾਤਿਆਂ ਨੂੰ ਸੰਨ੍ਹ ਲਾਉਣ ਖ਼ਾਤਰ ਨਵੇਂ ਨਵੇਂ ਤਰੀਕੇ ਅਜਮਾਏ ਜਾ ਰਹੇ ਹਨ। ਇਸੇ ਤਹਿਤ ਇਕ ਨੌਸਰਬਾਜ਼ ਨੇ ਸੈਕਟਰ-11 ਨਿਵਾਸੀ ਡਾਕਟਰ ਨੂੰ ਫ਼ੋਨ 'ਤੇ ਪੇਅਟੀਐਮ ਵਿਚੋਂ ਕੱਟੇ ਪੈਸੇ ਵਾਪਸ ਕਰਵਾਉਣ ਦਾ ਝਾਂਸਾ ਦੇ ਕੇ ਖਾਤੇ ਵਿਚੋਂ 40 ਹਜ਼ਾਰ ਰੁਪਏ ਉਡਾ ਲਏ।
Photo
ਸੈਕਟਰ-11 ਥਾਣੇ 'ਚ ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਡਾਕਟਰ ਨੇ ਦਸਿਆ ਕਿ ਉਸ ਨੂੰ ਇਕ ਫ਼ੋਨ ਕਾਲ ਆਈ ਸੀ। ਖੁਦ ਨੂੰ ਸੰਤੋਸ਼ ਕੁਮਾਰ ਦੱਸਣ ਵਾਲੇ ਵਿਅਕਤੀ ਨੇ ਡਾਕਟਰ ਨੂੰ ਕਿਹਾ ਕਿ ਉਸ ਵਲੋਂ ਇਹ ਕਾਲ ਤੁਹਾਡੇ ਪੇਅਟੀਐਮ ਤੋਂ ਕੱਟੇ ਗਏ ਪੈਸੇ ਵਾਪਸ ਕਰਵਾਉਣ ਖ਼ਾਤਰ ਕੀਤੀ ਗਈ ਹੈ।
Photo
ਸ਼ਿਕਾਇਤਕਰਤਾ ਅਨੁਸਾਰ ਇਸ ਤੋਂ ਬਾਅਦ ਨੌਸਰਬਾਜ਼ ਨੇ ਇਕ ਲਿੰਕ ਭੇਜ ਕੇ ਉਸ ਨੂੰ ਖੋਲ੍ਹਣ ਲਈ ਕਿਹਾ। ਡਾਕਟਰ ਨੇ ਲਿੰਕ ਨੂੰ ਖੋਲ੍ਹ ਕੇ ਉਸ 'ਚ ਨੌਸਰਬਾਜ਼ ਦੇ ਕਹਿਣ ਅਨੁਸਾਰ ਖਾਤੇ ਨਾਲ ਸਬੰਧਤ ਜਾਣਕਾਰੀ ਭਰ ਦਿਤੀ।
Photo
ਇਸ ਤੋਂ ਤੁਰਤ ਬਾਅਦ ਡਾਕਟਰ ਦੇ ਫ਼ੋਨ 'ਤੇ ਐਸਬੀਆਈ ਵਿਚਲੇ ਉਸ ਦੇ ਖਾਤੇ ਵਿਚੋਂ 40 ਹਜ਼ਾਰ ਰੁਪਏ ਪੇਅਟੀਐਮ ਵਾਲੇਟ 'ਚ ਪਾਏ ਸਬੰਧੀ ਸੁਨੇਹਾ ਆਇਆ। ਬਾਅਦ 'ਚ ਪੇਅਟੀਐਮ 'ਚ ਆਏ ਪੈਸੇ ਤਾਮਿਲਨਾਡੂ ਦੇ ਅੰਸਾਰੀ ਨਾਮ ਦੇ ਵਿਅਕਤੀ ਦੇ ਖ਼ਾਤੇ ਵਿਚ ਟਰਾਂਸਫਰ ਕਰ ਦਿਤੇ ਗਏੇ।
Photo
ਇਸ ਤੋਂ ਬਾਅਦ ਉਸੇ ਦਿਨ ਹੀ ਇਸ ਖ਼ਾਤੇ ਵਿਚੋਂ ਵੀ ਪੈਸੇ ਕਢਵਾ ਲਏ ਗਏ ਹਨ। ਪੁਲਿਸ ਨੇ ਡਾਕਟਰ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।