
ਕਿਹਾ, ਧਰਮ ਪਰਿਵਰਤਨ ਰੋਕਣਾ ਲਈ ਸਭ ਨੂੰ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇਹੱਦ ਲੋੜ...…
ਅਸੀਂ ਜਾਣਦੇ ਹਾਂ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਧਰਮ ਪਰਿਵਰਤਨ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਪੰਜਾਬ ਦੇ ਕੁੱਝ ਲੋਕ ਆਪਣੇ ਧਰਮ ਨੂੰ ਛੱਡ ਕੇ ਇਸਾਈ ਧਰਮ ਨੂੰ ਅਪਣਾ ਰਹੇ ਹਨ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਕੌਮੀ ਇਨਸਾਫ਼ ਮੋਰਚਾ ਦੀ ਮਹਾਂ ਪੰਚਾਇਤ ’ਚ ਪਹੁੰਚੀ।
ਜਿਸ ਵਿਚ ਦਲ ਖ਼ਾਲਸਾ ਦੀਆਂ ਕਈ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਮਹਾਂ ਪੰਚਾਇਤ ਖ਼ਤਮ ਹੋਣ ਮਗਰੋਂ ਗੱਲਬਾਤ ਕਰਦੇ ਹੋਏ ਦਲ ਖ਼ਾਲਸਾ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਮਹਾਂ ਪੰਚਾਇਤ ਵਿਚ ਕਿਸਾਨ ਜਥੇਬੰਦੀਆਂ, ਵਪਾਰਕ ਤਪਕਾ, ਕਿਸਾਨ ਮਜ਼ਦੂਰ, ਵਕੀਲ ਤੇ ਦਲ ਖ਼ਾਲਸਾ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ, ਜੋ ਸਾਡੀ ਏਕਤਾ ਨੂੰ ਦਰਸਾਉਂਦੀ ਹੈ ਤੇ ਅਸੀਂ ਇਨ੍ਹਾਂ ਸਾਰਿਆਂ ਦਾ ਦਿਲੋਂ ਧਨਵਾਦ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਇਹ ਸਾਡੀ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜਿੰਨੇ ਚਿਰ ਏਕਤਾ ਨਹੀਂ ਕਰਦੇ ਤੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਸਾਨੂੰ ਚੜ੍ਹਦੀ ਕਲਾ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਬੰਦੀ ਸਿੰਘਾਂ ਲਈ ਦੋ ਸਾਲ ਤੋਂ ਮੋਰਚੇ ਲਾਈ ਬੈਠੇ ਹਾਂ।
ਉਨ੍ਹਾਂ ਕਿਹਾ ਕਿ ਸਾਡੇ ਸਿੰਘਾਂ ਨੇ ਜਦੋਂ ਦੇਸ਼ ਤੇ ਸਾਡੇ ਪੰਜਾਬ ਨੂੰ ਉਨ੍ਹਾਂ ਦੀ ਲੋੜ ਸੀ ਤਾਂ ਉਨ੍ਹਾਂ ਸਿੰਘਾਂ ਨੇ ਜੁਲਮ ਦਾ ਡਟ ਕੇ ਸਾਹਮਣਾ ਕੀਤਾ ਤੇ ਜ਼ੁਲਮ ਤੇ ਜ਼ਾਲਮਾਂ ਦਾ ਖ਼ਾਤਮਾ ਕੀਤਾ ਸੀ। ਸ਼੍ਰੋਮਣੀ ਅਕਾਲੀ ਪੰਥਕ ਤਰਨਾ ਦਲ ਮਿਸ਼ਨ ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਜੱਥੇਦਾਰ ਸੁਖਦੇਵ ਸਿੰਘ ਲੋਪੋ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਸਾਡੀ ਰਣਨੀਤੀ ਸੀ ਉਸ ਨਾਲ ਸਾਨੂੰ ਕੋਈ ਲਾਹਾ ਨਹੀਂ ਮਿਲਿਆ ਤੇ ਹੁਣ ਸਾਨੂੰ ਰਣਨੀਤੀ ਬਦਲਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਨਹੀਂ ਹੁੰਦੇ ਜਿਸ ਕਰ ਕੇ ਸਾਡੀ ਜਿੱਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੋਈ 10 ਕੁ ਵਿਅਕਤੀ ਲੈ ਕੇ ਕੀਤੇ ਬੈਠ ਜਾਂਦਾ ਹੈ ਤੇ ਕੋਈ ਦੂਜੀ ਥਾਂ ’ਤੇ ਬੈਠ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਿਹਨਤੀ ਲੋਕ ਹਨ ਜਿਨ੍ਹਾਂ ਵਲੋਂ ਰੋਜ਼- ਰੋਜ਼ ਧਰਨਿਆਂ ਵਿਚ ਨਹੀਂ ਜਾ ਹੁੰਦਾ। ਉਨ੍ਹਾਂ ਕਿਹਾ ਕਿ ਸਾਰੇ ਲੋਕ ਇਕੱਠੇ ਹੋ ਕੇ ਇਕ ਥਾਂ ’ਤੇ ਆਪਣੀਆਂ ਸਾਰੀਆਂ ਮੰਗਾਂ ਲੈ ਕੇ ਇਕ ਥਾਂ ’ਤੇ ਧਰਨਾ ਲਾ ਕੇ ਬੈਠ ਜਾਣ ਤਾਂ ਉਸ ਦਾ ਸਾਨੂੰ ਬਹੁਤ ਵੱਡਾ ਫ਼ਾਇਦਾ ਮਿਲ ਸਕਦਾ ਹੈ।
ਜਿਸ ਨਾਲ ਸਰਕਾਰਾਂ ਨੂੰ ਵੀ ਸਾਡੇ ਅੱਗੇ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸੇ ਇੱਕ ਨੂੂੰ ਆਪਣਾ ਆਗੂ ਮਨ ਕੇ ਸਾਡੀ ਸਾਰੀ ਕੌਮ ਨੂੰ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਇਕ ਚੰਗੇ ਆਗੂ ਨੂੰ ਅੱਗੇ ਲਗਾ ਕੇ ਨਹੀਂ ਚਲਦੇ ਉਦੋਂ ਤੱਕ ਸਾਡਾ ਕੁੱਝ ਨਹੀਂ ਬਣਨਾ। ਧਰਮ ਪਰਿਵਰਤਨ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੀਆਂ ਸਾਡੀਆਂ ਧਾਰਮਕ ਜਥੇਬੰਦੀਆਂ ਹਨ ਜਾਂ ਫਿਰ ਸਾਡੀ ਸ਼੍ਰੋਮਣੀ ਕਮੇਟੀ ਹੈ ਜਿਨ੍ਹਾਂ ਦੀ ਨਲਾਇਕੀਆਂ ਕਰ ਕੇ ਹੀ ਇਹ ਸਾਰਾ ਕੁੱਝ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਨੂੰ ਖੁਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ, ਹੁਣ ਉਹ ਗੁਰੂ ਕੀ ਗੋਲਕ ਅਮੀਰ ਦਾ ਮੂੰਹ ਬਣ ਕੇ ਰਹਿ ਗਿਆ ਹੈ ਕਿਉਂ ਕਿ ਜਿਸ ਦੀ ਜੇਬ੍ਹ ਵਿਚ ਚਾਬੀ ਹੈ ਉਸੇ ਦੀ ਗੋਲਕ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂ ਸਾਡੀਆਂ ਹੋਰ ਵੱਡੀਆਂ ਜੱਥੇਬਦੀਆਂ ਨੂੰ ਚੰਗੇ ਉਪਰਾਲੇ ਕਰਨੇ ਚਾਹੀਦੇ ਹਨ ਜਿਵੇਂ ਚੰਗੇ ਸਕੂਲ, ਹਸਪਤਾਲ ਜਾਂ ਫਿਰ ਹੋਰ ਆਦਿ ਜਿਸ ਦਾ ਗ਼ਰੀਬ ਲੋਕ ਤੇ ਉਨ੍ਹਾਂ ਦੇ ਬੱਚੇ ਫ਼ਾਇਦਾ ਉਠਾ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਰਫ਼ ਸਿੱਖ ਹੀ ਧਰਮ ਪਰਿਵਾਰਤਨ ਨਹੀਂ ਕਰ ਰਹੇ ਹਨ, ਇਸ ਵਿਚ ਹਿੰਦੂ, ਮੁਸਲਿਮ ਜਾਂ ਪਛੜੀਆਂ ਸ਼੍ਰੇਣੀਆਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਲੋਕਾਂ ਤੇ ਪਿਛੜੀ ਸ਼੍ਰੇਣੀਆਂ ਨਾਲ ਪੱਖਪਾਤ ਕੀਤਾ ਜਾਂਦਾ ਹੈ ਜਿਸ ਨਾਲ ਇਹ ਲੋਕ ਆਪਣਾ ਧਰਮ ਪਰਿਵਾਰਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਲੋਕ ਅੰਮ੍ਰਿਤ ਛਕਣ ਜਾਂਦੇ ਹਨ ਤਾਂ ਇਨ੍ਹਾਂ ਲਈ ਦੋ ਵੱਖ ਵੱਖ ਬਾਟੇ ਰੱਖੇ ਜਾਂਦੇ।
ਉਨ੍ਹਾਂ ਕਿਹਾ ਕਿ ਗੁਰੂ ਦੇ ਘਰ ’ਚ ਵੀ ਇਨ੍ਹਾਂ ਲੋਕਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਖਰੇਵੇਂ ਖ਼ਤਮ ਕਰਨੇ ਚਾਹੀਦੇ ਹਨ ਤੇ ਇਕ ਥਾਂ ਉਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੋ ਬਾਟੇ ਕੀਤੇ ਹੋਏ ਹਨ ਉਨ੍ਹਾਂ ਲੋਕਾਂ ਨੇ ਇਕੱਠੇ ਨਹੀਂ ਹੋਣਾ।