
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਲੋਕ ਹਿੱਤਾਂ ਨਾਲ ਜੁੜੇ ਮਸਲਿਆਂ ਨੂੰ ਗੰਭੀਰਤਾ ਨਾਲ ਬਜਟ ਸੈਸ਼ਨ 'ਚ ਚੁੱਕਿਆ...
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਲੋਕ ਹਿੱਤਾਂ ਨਾਲ ਜੁੜੇ ਮਸਲਿਆਂ ਨੂੰ ਗੰਭੀਰਤਾ ਨਾਲ ਬਜਟ ਸੈਸ਼ਨ 'ਚ ਚੁੱਕਿਆ। ਇਹ ਪ੍ਰਗਟਾਵਾ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੀਤਾ।
ਚੀਮਾ ਨੇ ਦੱਸਿਆ ਕਿ 'ਆਪ' ਵਿਧਾਇਕਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ 'ਤੇ ਆਧਾਰਿਤ 191 ਸਵਾਲ, 22 ਧਿਆਨ ਦਿਵਾਊ ਮਤੇ, ਅੱਧੀ ਦਰਜਨ ਕੰਮ ਰੋਕੂ ਪ੍ਰਸਤਾਵ ਅਤੇ ਕਰੀਬ 60 ਕਟੌਤੀ ਪ੍ਰਸਤਾਵ ਦਿੱਤੇ ਸਨ। ਇਸੇ ਤਰ੍ਹਾਂ ਇੱਕ ਦਰਜਨ ਤੋਂ ਵੱਧ ਮੁੱਦੇ ਸਿਫ਼ਰ ਕਾਲ ਦੌਰਾਨ ਚੁੱਕੇ, ਜਿੰਨਾ 'ਚ ਸਰਬਜੀਤ ਕੌਰ ਮਾਣੂੰਕੇ ਵੱਲੋਂ ਲੁਧਿਆਣਾ ਗਰੈਂਡ ਮੈਨਰ ਹੋਮਜ਼ ਜ਼ਮੀਨ ਘੁਟਾਲੇ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸ਼ਮੂਲੀਅਤ ਬਾਰੇ ਉਠਾਇਆ ਮੁੱਦਾ ਵੀ ਸ਼ਾਮਲ ਹੈ।
ਚੀਮਾ ਨੇ ਜਿੱਥੇ 'ਆਪ' ਵਿਧਾਇਕਾਂ ਵੱਲੋਂ ਚੁੱਕੇ ਮੁੱਦਿਆਂ 'ਤੇ ਸੰਤੁਸ਼ਟੀ ਪ੍ਰਗਟਾਈ, ਉੱਥੇ ਸਰਕਾਰੀ ਧਿਰ ਖ਼ਾਸ ਕਰ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਅਪਣਾਏ ਪੱਖਪਾਤੀ ਰਵੱਈਏ 'ਤੇ ਸ਼ਿਕਵਾ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਨੇ ਸਦਨ ਦੀ ਮਿਆਦ ਬਹੁਤ ਛੋਟੀ ਕਰ ਦਿੱਤੀ ਹੈ। ਸਿਰਫ਼ 7 ਬੈਠਕਾਂ 'ਚ ਪੂਰੇ ਪੰਜਾਬ ਦੇ ਲੋਕਾਂ ਨਾਲ ਜੁੜੇ ਸੈਂਕੜੇ ਸਵਾਲ ਅਤੇ ਮੁੱਦੇ ਰੱਖੇ ਜਾਣ ਅਤੇ ਉਨ੍ਹਾਂ ਉੱਪਰ ਸਾਰਥਿਕ ਬਹਿਸ ਅਤੇ ਸਰਕਾਰੀ ਜਵਾਬਦੇਹੀ ਸੰਭਵ ਨਹੀਂ।
harpal singh cheemaਸਦਨ ਨੇ ਇਨ੍ਹਾਂ ਗੰਭੀਰ ਮੁੱਦਿਆਂ ਨੂੰ ਬਹਿਸ 'ਚ ਨਹੀਂ ਕੀਤਾ ਸ਼ਾਮਲ : ਚੀਮਾ ਨੇ ਕਿਹਾ ਕਿ 191 ਸਵਾਲਾਂ 'ਚ ਸਿਰਫ਼ 30 ਸਵਾਲ ਬਹਿਸ ਲਈ ਸਵੀਕਾਰ ਕੀਤੇ ਗਏ। ਇਸੇ ਤਰ੍ਹਾਂ ਦੂਸ਼ਿਤ ਹੋ ਰਹੇ ਪਾਣੀਆਂ, ਅਧਿਆਪਕਾਂ 'ਤੇ ਲਾਠੀਚਾਰਜ, ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਲਈ ਸ਼ਰਾਬ ਨਿਗਮ ਬਣਾਉਣ, ਆਰਥਿਕਤਾ ਦੇ ਆਧਾਰ 'ਤੇ ਹਰੇਕ ਨੂੰ 400 ਯੂਨਿਟ ਬਿਜਲੀ ਮੁਫ਼ਤ ਕਰਨ ਅਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਬਕਾਇਆ ਡੀ.ਏ ਕਿਸ਼ਤਾਂ 'ਤੇ ਆਧਾਰਿਤ ਲਿਆਂਦੇ ਗਏ ਕੰਮ ਰੋਕੂ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਗਿਆ। ਚੀਮਾ ਨੇ ਕਿਹਾ ਕਿ ਸਿਫ਼ਰ ਕਾਲ 'ਚ ਵੀ 'ਆਪ' ਵਿਧਾਇਕਾਂ ਨੂੰ ਬਣਦਾ ਸਮਾਂ ਨਹੀਂ ਮਿਲਿਆ। 22 ਧਿਆਨ ਦਿਵਾਊ ਮਤਿਆਂ 'ਚ ਅੱਧੀ ਦਰਜਨ ਮਤੇ ਵੀ ਸਵੀਕਾਰ ਨਹੀਂ ਕੀਤੇ ਗਏ।