
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ 5 ਏਕੜ ਤਕ ਦੇ ਮਾਲਕ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦੇਣ ਦੀ ਸਕੀਮ ਪੰਜਾਬ ਵਿਚ ਵੀ ਲਾਗੂ ਹੋ ਗਈ ਹੈ...
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ 5 ਏਕੜ ਤਕ ਦੇ ਮਾਲਕ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦੇਣ ਦੀ ਸਕੀਮ ਪੰਜਾਬ ਵਿਚ ਵੀ ਲਾਗੂ ਹੋ ਗਈ ਹੈ। ਬੇਸ਼ਕ ਅਜੇ ਤਕ ਲਗਭਗ 2.20 ਲੱਖ ਕਿਸਾਨਾਂ ਦੇ ਖਾਤਿਆਂ 'ਚ ਹੀ ਦੋ-ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਪੁੱਜੀ ਹੈ।
ਪੰਜਾਬ ਸਰਕਾਰ ਦੇ ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਨੇ ਦਸਿਆ ਕਿ ਪੰਜਾਬ ਦੇ ਲਗਭਗ 12 ਲੱਖ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇਗਾ। ਲਗਭਗ ਕਿਸਾਨਾਂ ਦੇ ਸਾਰੇ ਫ਼ਾਰਮ ਭਰੇ ਜਾ ਚੁਕੇ ਹਨ ਅਤੇ ਉਨ੍ਹਾਂ ਦੀਆਂ ਸੂਚੀਆਂ ਬਣਾਉਣ ਦਾ ਕੰਮ ਜਾਰੀ ਹੈ। ਜਿਵੇਂ ਜਿਵੇਂ ਸੂਚੀਆਂ ਤਿਆਰ ਹੁੰਦੀਆਂ ਹਨ ਉਹ ਕੇਂਦਰ ਸਰਕਾਰ ਨੂੰ ਭੇਜੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵਲੋਂ ਸਬੰਧਤ ਕਿਸਾਨਾਂ ਦੀਆਂ ਸੂਚੀਆਂ ਪ੍ਰਵਾਨ ਹੋਣ ਉਪਰੰਤ, ਕੰਪਿਊਟਰ 'ਚ ਪਾ ਦਿਤੀਆਂ ਜਾਂਦੀਆਂ ਹਨ। ਉਨ੍ਹਾਂ ਦਸਿਆ ਕਿ ਇਕ ਮਹੀਨੇ ਦੇ ਅੰਦਰ-ਅੰਦਰ ਸਾਰੇ ਕਿਸਾਨਾਂ ਦੀਆਂ ਸੂਚੀਆਂ ਦਾ ਕੰਮ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ। ਜਿਉਂ ਹੀ ਸੂਚੀਆਂ ਦੀ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਉਹ ਕੰਪਿਊਟਰ ਵਿਚ ਪਾ ਦਿਤੀਆਂ ਜਾਣਗੀਆਂ ਅਤੇ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਉਪਲਬੱਧ ਹੋ ਸਕੇਗੀ।
ਪੰਜਾਬ ਦੇ ਕਿਸਾਨਾਂ ਦੀ ਜੇਕਰ ਸੰਖਿਆ 12 ਲੱਖ ਤਕ ਰਹਿੰਦੀ ਹੈ ਤਾਂ ਪੰਜਾਬ ਦੇ 5 ਏਕੜ ਤਕ ਦੇ ਮਾਲਕ ਕਿਸਾਨਾਂ ਨੂੰ ਹਰ ਸਾਲ ਲਗਭਗ 720 ਕਰੋੜ ਰੁਪਏ ਮਿਲਿਆ ਕਰਨਗੇ। ਇਥੇ ਇਹ ਦਸਣਾਯੋਗ ਹੋਵੇਗਾ ਕਿ ਹਰਿਆਣਾ ਸਰਕਾਰ ਨੇ ਪਿਛਲੇ ਦਿਨ ਪਾਸ ਕੀਤੇ ਅਪਣੇ ਬਜਟ ਵਿਚ 5 ਏਕੜ ਤਕ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਹਰਿਆਣਾ ਸਰਕਾਰ ਵਲੋਂ ਵਖਰੇ ਦੇਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਹਰਿਆਣਾ ਰਾਜ ਦੇ ਕਿਸਾਨਾਂ ਨੂੰ 12 ਹਜ਼ਾਰ ਰੁਪਏ ਸਾਲਾਨਾ ਮਿਲਿਆ ਕਰਨਗੇ।