
ਕੇਂਦਰ ਸਰਕਾਰ ਨੂੰ ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੇ ਪਰਵਾਰਾਂ ਦੇ ਦੁੱਖ ਨੂੰ ਸਮਝਦਿਆਂ ਹਮਦਰਦੀ ਨਾਲ ਇਨ੍ਹਾਂ ਦੀਆਂ ਮੰਗਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ
ਕੇਂਦਰ ਸਰਕਾਰ ਨੂੰ ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੇ ਪਰਵਾਰਾਂ ਦੇ ਦੁੱਖ ਨੂੰ ਸਮਝਦਿਆਂ ਹਮਦਰਦੀ ਨਾਲ ਇਨ੍ਹਾਂ ਦੀਆਂ ਮੰਗਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਪੀੜਤ ਪਰਵਾਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਨਵੀਂ ਦਿੱਲੀ ਵਿਚ ਇਨ੍ਹਾਂ ਪਰਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਮੌਕੇ ਅ੍ਰੰਮਿਤਸਰ ਤੋਂ ਸਾਂਸਦ ਸ: ਗੁਰਜੀਤ ਸਿੰਘ ਔਜਲਾ ਵੀ ਉਨ੍ਹਾਂ ਨਾਲ ਹਾਜ਼ਰ ਸਨ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪੀੜਤ ਪਰਵਾਰਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਇਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਏ। ਪਰ ਕੇਂਦਰ ਸਰਕਾਰ ਇਨ੍ਹਾਂ ਦੀਆਂ ਸੰਵੇਦਨਾਵਾਂ ਨੂੰ ਸਮਝਣ ਦੀ ਬਜਾਏ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪਰਵਾਰ ਕੇਂਦਰ ਸਰਕਾਰ ਨੂੰ ਮਿਲ ਕੇ ਅਪਣੀ ਵਿਥਿਆ ਦਸਣੀ ਚਾਹੁੰਦੇ ਹਨ ਤਾਂ ਅਜਿਹੇ ਵਿਚ 5 ਵਿਅਕਤੀ ਹੀ ਮਿਲਣ ਆਉਣ ਅਜਿਹੀਆਂ ਸ਼ਰਤਾਂ ਲਗਾਉਣੀਆਂ ਮੰਦਭਾਗੀਆਂ ਹਨ।
Narendra Modi
ਉਨ੍ਹਾਂ ਕਿਹਾ ਕਿ ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿਚ ਵੀ ਇਨ੍ਹਾਂ ਪੀੜਤ ਪਰਵਾਰਾਂ ਲਈ ਹਮਦਰਦੀ ਦੇ ਦੋ ਬੋਲ ਤਕ ਬੋਲਣੇ ਉਚਿਤ ਨਹੀਂ ਸਮਝੇ ਜਿਸ ਤੋਂ ਇਸ ਮੁੱਦੇ 'ਤੇ ਕੇਂਦਰ ਸਰਕਾਰ ਦੀ ਅਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਹੁੰਦਾ ਹੈ। ਜਾਖੜ ਨੇ ਕਿਹਾ ਕਿ ਇਹ ਲੋਕ ਰੋਜ਼ੀ ਰੋਟੀ ਲਈ ਵਿਦੇਸ਼ ਗਏ ਸਨ ਅਤੇ ਮਾਰੇ ਗਏ ਭਾਰਤੀਆਂ ਵਿਚ ਵੱਖ-ਵੱਖ ਰਾਜਾਂ ਦੇ ਵਸ਼ਿੰਦੇ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਸ ਲਈ ਇਸ ਸਬੰਧੀ ਕੇਂਦਰ ਸਰਕਾਰ ਨੂੰ ਇਨ੍ਹਾਂ ਪਰਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਕਮਾਊ ਮੈਂਬਰ ਦੀ ਮੌਤ ਹੋ ਜਾਣ ਬਾਅਦ ਇਹ ਪਰਵਾਰ ਬਹੁਤ ਦੁਖੀ ਹਨ। ਜਾਖੜ ਨੇ ਕਿਹਾ ਕਿ ਜਿਸ ਦਿਨ ਵਿਦੇਸ਼ ਮੰਤਰੀ ਨੇ ਸਦਨ ਵਿਚ ਇਨ੍ਹਾਂ ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦਿਤੀ ਸੀ, ਚੰਗਾ ਹੁੰਦਾ ਮੋਦੀ ਸਰਕਾਰ ਉਸੇ ਦਿਨ ਹੀ ਇਨ੍ਹਾਂ ਦੀ ਮਦਦ ਦਾ ਵੀ ਐਲਾਨ ਕਰ ਦਿੰਦੀ ਤਾਂ ਜੋ ਇਨ੍ਹਾਂ ਨੂੰ ਦਿੱਲੀ ਤਕ ਚਲ ਕੇ ਨਾ ਆਉਣਾ ਪੈਂਦਾ। ਜਾਖੜ ਨੇ ਕਿਹਾ ਕਿ ਜੇਕਰ ਇਨ੍ਹਾਂ ਪਰਵਾਰਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇਨ੍ਹਾਂ ਪਰਵਾਰਾਂ ਸਮੇਤ ਸਦਨ ਅੰਦਰ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਸਰਕਾਰ ਵਿਰੁਧ ਪ੍ਰਦਰਸ਼ਨ ਕਰਨਗੇ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਪਰਵਾਰਾਂ ਨਾਲ ਡੱਟ ਕੇ ਖੜੀ ਹੈ ਅਤੇ ਸੂਬਾ ਸਰਕਾਰ ਵਲੋਂ ਇਨ੍ਹਾਂ ਪਰਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।