
ਚੰਡੀਗੜ੍ਹ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਦੇ 4 ਸਾਲਾਂ ਦੀਆਂ ਨਾਕਾਮੀਆਂ ਨੂੰ 'ਵਿਸ਼ਵਾਸਘਾਤ ਦਿਵਸ' ਦੇ ਰੂਪ ਵਿਚ ਮਨਾਉਂਦੇ ਹੋਏ ਜ਼ਬਰਦਸਤ ...
ਚੰਡੀਗੜ੍ਹ : ਚੰਡੀਗੜ੍ਹ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਦੇ 4 ਸਾਲਾਂ ਦੀਆਂ ਨਾਕਾਮੀਆਂ ਨੂੰ 'ਵਿਸ਼ਵਾਸਘਾਤ ਦਿਵਸ' ਦੇ ਰੂਪ ਵਿਚ ਮਨਾਉਂਦੇ ਹੋਏ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ। ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਨੇ ਜਦੋਂ ਪੁਲਿਸ ਵਲੋਂ ਲਗਾਏ ਗਏ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਾਂਗਰਸੀਆਂ 'ਤੇ ਪਾਣੀ ਦੀਆਂ ਤੇਜ਼ ਬੌਛਾਰਾਂ ਮਾਰੀਆਂ।
chandigarh congress protest
ਚੰਡੀਗੜ੍ਹ ਕਾਂਗਰਸ ਵਲੋਂ ਮੋਦੀ ਸਰਕਾਰ ਵਿਰੁਧ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿਚ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਮੋਦੀ ਸਰਕਾਰ 'ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਦੇਸ਼ ਦੇ ਹਰ ਵਰਗ ਵਿਚ ਹਾਹਾਕਾਰ ਮਚਿਆ ਹੋਇਆ ਏ ਅਤੇ ਮੋਦੀ ਸਰਕਾਰ ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਹੈ।
pawan kumar bansal
ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਮੂਰਖ ਬਣਾਉਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਵੇਂ ਵਿਕਾਸ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਸਚਾਈ ਇਹ ਹੈ ਕਿ ਉਸ ਨੇ ਸੱਤਾ ਵਿਕਾਸ ਕਰਨ ਲਈ ਨਹੀਂ ਬਲਕਿ ਦੇਸ਼ ਨੂੰ ਲੁੱਟਣ ਲਈ ਹਾਸਲ ਕੀਤੀ ਹੈ।
chandigarh congress protest
ਪਟਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡੀ ਉਦਾਹਰਨ ਭਾਜਪਾ ਸਰਕਾਰ ਦੀ ਸਭ ਦੇ ਸਾਹਮਣੇ ਹੈ ਕਿ ਉਹ ਪਟਰੌਲ-ਡੀਜ਼ਲ ਦੀਆਂ ਕੀਮਤਾਂ ਰਾਹੀਂ ਕਿਵੇਂ ਲੋਕਾਂ ਨੂੰ ਲੁੱਟਣ 'ਤੇ ਲੱਗੀ ਹੋਈ ਹੈ। ਉਨ੍ਹਾਂ ਕਿ ਜੇਕਰ ਸਰਕਾਰ ਲੋਕਾਂ ਨੂੰ ਰਾਹਤ ਦੇਣਾ ਚਾਹਵੇ ਤਾਂ ਉਹ ਪਟਰੌਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਹਟਾ ਕੇ ਲੋਕਾਂ ਨੂੰ ਰਾਹਤ ਦੇ ਸਕਦੀ ਹੈ, ਜਿਸ ਨਾਲ 20 ਰੁਪਏ ਪ੍ਰਤੀ ਲੀਟਰ ਦਾ ਫ਼ਰਕ ਪੈ ਜਾਵੇਗਾ।
chandigarh congress protest
ਦਸ ਦਈਏ ਕਿ ਭਾਜਪਾ ਸਰਕਾਰ ਨੂੰ ਕੇਂਦਰ ਦੀ ਸੱਤਾ ਵਿਚ ਆਇਆਂ ਚਾਰ ਸਾਲ ਪੂਰੇ ਹੋ ਗਏ ਹਨ ਅਤੇ ਮੋਦੀ ਸਰਕਾਰ ਜਿੱਥੇ ਅਪਣੇ ਚਾਰ ਸਾਲਾਂ ਦੇ ਜਸ਼ਨ ਮਨਾ ਰਹੀ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਸਰਕਾਰ ਦੀਆਂ ਨਾਕਾਮੀਆਂ ਗਿਣਾਉਣ ਵਿਚ ਲੱਗੀਆਂ ਹੋਈਆਂ ਹਨ। ਇਸੇ ਲੜੀ ਤਹਿਤ ਕਾਂਗਰਸ ਨੇ ਚੰਡੀਗੜ੍ਹ ਵਿਖੇ ਮੋਦੀ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰਦੇ ਹੋਏ 'ਵਿਸ਼ਵਾਸਘਾਤ ਦਿਵਸ' ਮਨਾਇਆ।