
ਹਾਲਾਂਕਿ ਅਜੇ ਤਕ ਕਤਲ ਦੇ ਕਾਰਨਾਂ ਅਤੇ ਕਾਤਲਾਂ ਦਾ ਖੁਲਾਸਾ ਨਹੀਂ ਹੋਇਆ ਹੈ।
Punjab News: ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਚ ਅੱਜ ਸਵੇਰੇ ਇਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਲਾਸ਼ ਸਬੰਧੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਥਾਣਾ ਢਿਲਵਾਂ ਅਤੇ ਡੀਐਸਪੀ ਭੁੱਲਥ ਸੁਰਿੰਦਰ ਪਾਲ ਨੇ ਅਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜਿਸ ਦੇ ਸਿਰ ਅਤੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਹਾਲਾਂਕਿ ਅਜੇ ਤਕ ਕਤਲ ਦੇ ਕਾਰਨਾਂ ਅਤੇ ਕਾਤਲਾਂ ਦਾ ਖੁਲਾਸਾ ਨਹੀਂ ਹੋਇਆ ਹੈ।
ਡੀਐਸਪੀ ਭੁਲੱਥ ਸੁਰਿੰਦਰ ਪਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਸਾਰੇ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਤਲ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਲੋਕਾਂ ਨੇ ਪਿੰਡ ਭੰਡਾਲ ਬੇਟ ਦੇ ਪਸ਼ੂ ਹਸਪਤਾਲ ਦੇ ਅੰਦਰ 40 ਸਾਲਾ ਮਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨੂਰਪੁਰ ਜਨੂਹਾ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਥਾਣਾ ਢਿਲਵਾਂ ਦੇ ਐੱਸਐੱਚਓ ਸੁਖਵੀਰ ਸਿੰਘ ਅਤੇ ਡੀਐਸਪੀ ਸੁਰਿੰਦਰ ਪਾਲ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਮ੍ਰਿਤਕ ਮਨਜੀਤ ਸਿੰਘ ਦੇ ਭਰਾ ਸਰਬਜੀਤ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਮਨਜੀਤ ਸਿੰਘ ਕੱਲ੍ਹ ਤੋਂ ਕੰਮ ’ਤੇ ਗਿਆ ਹੋਇਆ ਸੀ ਅਤੇ ਰਾਤ ਤੋਂ ਘਰ ਵਾਪਸ ਨਹੀਂ ਆਇਆ। ਸਵੇਰੇ ਪਿੰਡ ਦੇ ਇਕ ਵਿਅਕਤੀ ਨੇ ਉਸ ਨੂੰ ਸੂਚਨਾ ਦਿਤੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਪੁਲਿਸ ਨੂੰ ਸੂਚਨਾ ਦਿਤੀ। ਉਸ ਨੇ ਪੁਲੀਸ ਨੂੰ ਦਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਮਨਜੀਤ ਸਿੰਘ ਦਾ ਕਤਲ ਕਰ ਦਿਤਾ ਹੈ। ਮ੍ਰਿਤਕ ਮਨਜੀਤ ਸਿੰਘ ਦੇ ਸਿਰ ਅਤੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਡੂੰਘੇ ਜ਼ਖਮ ਸਨ।