
ਟ੍ਰਿਬਿਊਨ ਚੌਂਕ ‘ਚ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾਡ ਨਾਲ ਕੁੱਟਣ ਵਾਲੀ ਕੁੜੀ...
ਚੰਡੀਗੜ੍ਹ: ਟ੍ਰਿਬਿਊਨ ਚੌਂਕ ‘ਚ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾਡ ਨਾਲ ਕੁੱਟਣ ਵਾਲੀ ਕੁੜੀ ਨੂੰ ਉਸ ਦੀ ਕਰਨੀ ਦੀ ਸਜ਼ਾ ਮਿਲ ਗਈ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਸੈਕਟਰ-29 ਵਾਸੀ ਨਿਤਿਸ਼ ਕੁਮਾਰ ਉਰਫ਼ ਸੈਂਟੀ ਆਪਣੀ ਸੈਂਟਰੋ ਕਾਰ ‘ਚ ਆਪਣੇ ਪਰਵਾਰ ਨੂੰ ਪੀਜੀਆਈ ਤੋਂ ਬਲਟਾਣਾ ਲੈ ਕੇ ਜਾ ਰਿਹਾ ਸੀ। ਜਦੋਂ ਉਸ ਦੀ ਕਾਰ ਟ੍ਰਿਬਿਊਨ ਚੌਂਕ ਪੁੱਜੀ ਤਾਂ ਇਕ ਕਾਰ ਗਲਤ ਪਾਸੇ ਤੋਂ ਬੈਕ ਕੀਤੀ ਜਾ ਰਹੀ ਸੀ, ਜਿਸ ਕਾਰਨ ਜਾਮ ਲੱਗ ਗਿਆ।
Crime
ਜਦੋਂ ਨਿਤੀਸ਼ ਗਲਤ ਪਾਸੇ ਖੜ੍ਹੀ ਕਾਰ ਪਾਸੇ ਕਰਨ ਲਈ ਕਹਿਣ ਲੱਗਾ ਤਾਂ ਕਾਰ ਸਵਾਰ ਮੋਹਾਲੀ ਦੀ ਰਹਿਣ ਵਾਲੀ ਸ਼ੀਤਲ ਭੜਕ ਗਈ ਅਤੇ ਉਸ ਦੇ ਗਲ ਪੈ ਗਈ। ਇਸ ਤੋਂ ਬਾਅਦ ਸ਼ੀਤਲ ਨੇ ਕਾਰ ‘ਚੋਂ ਲੋਹੇ ਦੀ ਰਾਡ ਕੱਢੀ ਤੇ ਨਿਤਿਸ਼ ‘ਤੇ ਕਈ ਵਾਰ ਕਰਦੇ ਹੋਏ ਉਸ ਦਾ ਸਿਰ ਫਾੜ ਦਿੱਤਾ। ਇਸ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੇ ਪੁਲਿਸ ਨੇ ਨਿਤਿਸ਼ ਨੂੰ ਸੈਕਟਰ-32 ਹਸਪਤਾਲ ਵਿਚ ਭਰਤੀ ਕਰਾਇਆ। ਪੁਲਿਸ ਨੇ ਨਿਤਿਸ਼ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ ‘ਤੇ ਸ਼ੀਤਲ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਪਹਿਲਾਂ ਵੀ ਇਕ ਕੇਸ ‘ਚ ਹੋ ਚੁੱਕੀ ਹੈ ਬਰੀ
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ੀਤਲ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਅਪਣੀ ਮਾਸੀ ਕਿਰਨ ਕੋਲ ਰਹਿੰਦੀ ਹੈ। ਉਸ ਦੇ ਭਰਾ ਅਤੇ ਭੈਣ ਵਿਦੇਸ਼ ਵਿਚ ਰਹਿੰਦੇ ਹਨ। ਸੂਤਰਾਂ ਮੁਤਾਬਿਕ ਸ਼ੀਤਲ ਵਿਰੁੱਧ ਸੈਕਟਰ-34 ਥਾਣੇ ਵਿਚ ਸਾਲ 2015 ਵਿਚ ਵੀ ਇਕ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ ਪਰ ਇਸ ਕੇਸ ਨੂੰ ਸਾਬਤ ਕਰਨ ਵਿਚ ਪੁਲਿਸ ਸਫ਼ਲ ਨਹੀਂ ਹੋ ਸਕੀ ਸੀ, ਜਿਸ ਦੇ ਚੱਲਦਿਆਂ ਗਵਾਹਾਂ ਦੀ ਕਮੀ ਕਾਰਨ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ।