
ਜਾਣੋ ਕੀ ਹੈ ਪੂਰਾ ਮਾਮਲਾ
ਅੰਮ੍ਰਿਤਸਰ (ਚਰਨਜੀਤ ਸਿੰਘ): ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚਲਦਿਆਂ ਅਣਖ਼ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਪਵਨ ਸਿੰਘ (18) ਦਾ ਅਨੂ (15) ਨਾਲ ਪ੍ਰੇਮ ਸਬੰਧ ਸਨ, ਜਿਸ 'ਤੇ ਲੜਕੀ ਦੇ ਪਿਤਾ ਦਿਲਬਾਗ ਸਿੰਘ, ਚਾਚਾ ਹਰਪਾਲ ਸਿੰਘ ਪੁੱਤਰ ਬਲਦੇਵ ਵਪਾਰੀ ਵਲੋਂ ਅਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਪਵਨ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਦੇ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿਤਾ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਲਿਜਾਉਣ 'ਤੇ ਡਾਕਟਰਾਂ ਵਲੋਂ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ।
Crime
ਹਮਲਾਵਰ ਦਿਲਬਾਗ ਸਿੰਘ ਤੇ ਹਰਪਾਲ ਸਿੰਘ ਵਲੋਂ ਪਵਨ ਸਿੰਘ ਦਾ ਕਤਲ ਕਰਨ ਤੋਂ ਬਾਅਦ ਅਪਣੇ ਘਰ ਦੇ ਬਾਹਰ ਅਪਣੀ ਲੜਕੀ ਅਨੂ ਨੂੰ ਵੀ ਕਾਰ ਦੀ ਲਪੇਟ ਵਿਚ ਲਿਆ ਕੇ ਅਤੇ ਤੇਜ਼ਧਾਰ ਹਥਿਆਰਾਂ ਦਾ ਵਾਰ ਕਰ ਕੇ ਉਸ ਦਾ ਵੀ ਕਤਲ ਕਰ ਦਿਤਾ ਗਿਆ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋ ਫ਼ਰਾਰ ਹੋ ਗਏ। ਡੀ.ਐੱਸ.ਪੀ ਰਵਿੰਦਰ ਸਿੰਘ, ਥਾਣਾ ਮੁਖੀ ਹਰਕੀਰਤ ਸਿੰਘ, ਏ ਐਸ ਆਈ ਰਾਜਬੀਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
Amritsar
ਦਸਿਆ ਜਾ ਰਿਹਾ ਹੈ ਕਿ ਦੋਵੇਂ ਅੱਜ ਘਰੋਂ ਭੱਜਣ ਦੀ ਫ਼ਿਰਾਕ ਵਿਚ ਸਨ। ਇਸ ਗੱਲ ਦਾ ਪਤਾ ਕੁੜੀ ਦੇ ਪਰਵਾਰ ਨੂੰ ਲੱਗ ਗਿਆ ਅਤੇ ਦੋਵਾਂ ਦਾ ਸ਼ਰੇਆਮ ਕਿਰਪਾਨਾਂ ਨਾਲ ਵੱਢ ਕੇ ਕਤਲ ਕਰਵਾ ਦਿਤਾ ਗਿਆ। ਜਾਣਕਾਰੀ ਮੁਤਾਬਕ ਪਵਨ ਸਿੰਘ ਅਪਣੇ ਘਰ ਤੋਂ ਥੋੜ੍ਹੀ ਦੂਰ ਸੜਕ 'ਤੇ ਖੜ੍ਹਾ ਸੀ। ਇਸ ਦੌਰਾਨ ਕਾਰ ਸਵਾਰ ਕੁੱਝ ਹਮਲਾਵਰਾਂ ਨੇ ਦਾਤਰ ਨਾਲ ਉਸ ਦੀ ਧੌਣ 'ਤੇ ਵਾਰ ਕੀਤੇ। ਇਸ ਤੋਂ ਬਾਅਦ ਹਮਲਾਵਰਾਂ ਨੇ ਲੜਕੀ ਵੀ ਵੱਢ ਦਿਤੀ ਗਈ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲੜਕੇ ਪਵਨ ਨੂੰ ਜ਼ਖ਼ਮੀ ਹਾਲਤ 'ਚ ਅੰਮ੍ਰਿਤਸਰ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ।
Crime
ਉਧਰ ਲੜਕੀ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਸਾਡੀ ਲੜਕੀ ਬਾਹਰ ਪਸ਼ੂਆਂ ਦੀ ਦੇਖ-ਰੇਖ ਵਾਸਤੇ ਗਈ ਸੀ ਕਿ ਘਰ ਦੇ ਬਾਹਰ ਸੜਕ ਕਿਨਾਰੇ ਉਸ ਦਾ ਕਤਲ ਕਰ ਦਿਤਾ ਗਿਆ। ਡੀਐਸਪੀ ਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਾਹਲੀ ਵਿਚ ਦਸਿਆ ਕਿ ਕਤਲ ਕਰਨ ਵਾਲੇ ਵਿਅਕਤੀਆਂ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ ਅਤੇ ਕਾਤਲ ਜਲਦ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ।