
ਕਿਹਾ, ਅਕਾਲੀ ਦਲ ਦੀ ਵਿਰਾਸਤ ਮਾਸਟਰ ਤਾਰਾ ਸਿੰਘ, ਤੁੜ, ਟੌਹੜਾ, ਸੰਤ ਕਰਤਾਰ ਸਿੰਘ ਤੇ ਤਲਵੰਡੀ ਵਰਗੇ ਪੰਥਕ ਪ੍ਰਵਾਰਾਂ ਉਪਰ ਦੋਸ਼ ਲਾਉਣਾ ਮੰਦਭਾਗਾ
Punjab News (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਬਚਾਉ ਮੁਹਿੰਮ ਦਾ ਐਲਾਨ ਕਰਨ ਵਾਲੇ ਪ੍ਰਮੁੱਖ ਅਕਾਲੀ ਆਗੂਆਂ ’ਚ ਸ਼ਾਮਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਬਾਦਲ ਦੇ ਬਿਆਨਾਂ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹ ਅਜਿਹੇ ਅਕਾਲੀ ਦਲ ਨੂੰ ਤੋੜਨ ਵਾਲੇ ਬਿਆਨਾਂ ਤੋਂ ਬਾਜ਼ ਆਉਣ।
ਵਡਾਲਾ ਨੇ ਕਿਹਾ ਕਿ ਬੜਾ ਮੰਦਭਾਗਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਥੀਆਂ ਵਲੋਂ ਪਾਰਟੀ ਤੋੜਨ ਲਈ ਅਜਿਹੇ ਬਿਆਨ ਦਿਤੇ ਜਾ ਰਹੇ ਹਨ ਕਿਉਂਕਿ ਕਲ ਜਲੰਧਰ ਵਿਚ ਪੰਥ-ਦਰਦੀਆਂ ਤੇ ਪੰਜਾਬ ਹਿਤੈਸ਼ੀਆਂ ਦੀ ਮੀਟਿੰਗ ਵਿਚ ਬਹੁਤ ਪੰਥਕ ਪ੍ਰਵਾਰ ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ ਦਾ ਪ੍ਰਵਾਰ, ਤੁੜ ਪ੍ਰਵਾਰ, ਗਿਆਨੀ ਕਰਤਾਰ ਸਿੰਘ ਦਾ ਪ੍ਰਵਾਰ, ਤਲਵੰਡੀ ਸਾਹਿਬ ਦਾ ਪ੍ਰਵਾਰ, ਟੌਹੜਾ ਸਾਹਿਬ ਦਾ ਪ੍ਰਵਾਰ ਆਦਿ ਸ਼ਾਮਲ ਸਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਪੰਥਕ ਸਫ਼ਾ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿਚ ਬੜਾ ਕੁੱਝ ਲਾਇਆ ਹੈ। ਉਨ੍ਹਾਂ ਪ੍ਰਵਾਰਾਂ ਉਪਰ ਭਾਜਪਾ ਜਾਂ ਕਾਂਗਰਸ ਦੇ ਏਜੰਟ ਹੋਣ ਵਰਗੇ ਦੋਸ਼ ਲਾ ਕੇ ਭੰਡਣਾ ਬਹੁਤ ਹੀ ਮੰਦਭਾਗਾ।
ਸੋ ਅਜਿਹੇ ਬਿਆਨ ਦੇਣ ਤੋ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਹੀ ਪਾਰਟੀ ਬਹੁਤ ਨੀਵੇਂ ਪੱਧਰ ਤੇ ਜਾ ਚੁਕੀ ਹੈ ਤੇ ਹੋਰ ਨੁਕਸਾਨ ਹੋਵੇਗਾ। ਸੋ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਰੀੜ੍ਹ ਦੀ ਹੱਡੀ ਪੰਥਕ ਸੋਚ ਤੇ ਕਿਸਾਨ ਸਨ। ਪਰ ਪਿਛਲੇ ਸਮੇਂ ਵਿਚ ਹੋਈਆਂ ਘਟਨਾਵਾਂ ਨਾਲ ਪੰਥਕ ਤੌਰ ’ਤੇ ਵੀ ਪਛੜ ਚੁੱਕੇ ਹਾਂ ਤੇ ਕਿਸਾਨੀ ਬਿਲਾਂ ਵੇਲੇ ਤੋਂ ਦਿਤੇ ਬਿਆਨਾਂ ਕਰ ਕੇ ਅਪਣਾ ਕਿਸਾਨੀ ਵਿਚ ਵੀ ਆਧਾਰ ਗੁਆ ਚੁੱਕੇ ਹਾਂ। ਇਨ੍ਹਾਂ ਮਸਲਿਆਂ ਪ੍ਰਤੀ ਲੋਕਾਂ ਦੀਆਂ ਇੱਛਾਵਾਂ ਤੇ ਪੂਰੇ ਕਿਵੇਂ ਉਤਰੀਏ ਇਹ ਫ਼ਿਕਰਮੰਦੀ ਕਰਨੀ ਚਾਹੀਦੀ ਹੈ।
ਵਡਾਲਾ ਨੇ ਕਿਹਾ ਕਿ ਜੋ ਇਕ ਬਣੀ ਬਣਾਈ ਪਾਲਿਸੀ ਦੇ ਤਹਿਤ ਵਾਰ-ਵਾਰ ਜਾਣਬੁਝ ਕੇ ਝੂਠੇ ਇਲਜ਼ਾਮ ਲਾ ਰਹੇ ਹਨ, ਉਨ੍ਹਾਂ ਨੂੰ ਦੱਸਣਾ ਚਾਹਾਂਗਾ ਸਾਡੀ ਮੀਟਿੰਗ ਦੌਰਾਨ ਇਹ ਗੱਲ ਬੜੀ ਸਪੱਸ਼ਟਤਾ ਨਾਲ ਵਿਚਾਰੀ ਗਈ ਹੈ ਕਿ ਦਿੱਲੀ ਵਾਲੀ ਕਿਸੇ ਪਾਰਟੀ ਨਾਲ ਸਾਂਝ ਦੀ ਗੱਲ ਨਾ ਕੀਤੀ ਜਾਵੇ ਸਗੋਂ ਪੰਥਕ ਮਸਲਿਆਂ ਤੇ ਪਹਿਰਾ ਦੇ ਕੇ ਤੇ ਨਾਲ ਪੰਜਾਬ ਦੇ ਮਸਲਿਆਂ ਨੂੰ ਜ਼ੋਰਦਾਰ ਢੰਗ ਉਠਾ ਕੇ ਹੱਲ ਕਰਾਉਣ ਦੀ ਗੱਲ ਕਰੀਏ।