
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੇ ਦਿਤੇ ਸਿਧਾਂਤ ਨੂੰ ਮੰਨ ਕੇ ਚਲਣ ਵਾਲੀ ਪਾਰਟੀ ਸੀ
Sukhbir Badal News ਫ਼ਤਿਹਗੜ੍ਹ ਸਾਹਿਬ (ਜੀ.ਐੱਸ. ਰੁਪਾਲ) : ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ’ਤੇ ਵਿਚਾਰ ਪੇਸ਼ ਕਰਦਿਆਂ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਸਮੇਂ ਕਿਰਤੀ ਜਮਾਤ ਦੀ ਪਾਰਟੀ ਸੀ। ਇਸ ਪਾਰਟੀ ਅੰਦਰ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਬਹੁਤਾਤ ਸੀ ਪਰ ਜਿਉਂ ਹੀ ਇਸ ਦੀ ਵਾਗਡੋਰ ਸੁਖਬੀਰ ਪ੍ਰਵਾਰ ਦੇ ਹੱਥ ਆਈ, ਇਨ੍ਹਾਂ ਨੇ ਚੁਣ-ਚੁਣ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਟਕਸਾਲੀ ਪ੍ਰਵਾਰਾਂ ਨੂੰ ਬਾਹਰ ਹੀ ਨਹੀਂ ਧੱਕਿਆ ਸਗੋਂ ਦਲ ਦੀ ਸਿਆਸਤ ਵਿਚੋਂ ਵੀ ਮਨਫ਼ੀ ਕਰ ਦਿਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੇ ਦਿਤੇ ਸਿਧਾਂਤ ਨੂੰ ਮੰਨ ਕੇ ਚਲਣ ਵਾਲੀ ਪਾਰਟੀ ਸੀ, ਪਰ ਇਕ ਪ੍ਰਵਾਰ ਦੀ ਸਰਪ੍ਰਸਤੀ ਨੇ ਇਸ ਪਾਰਟੀ ਅੰਦਰ ਗੁਰੂ ਆਸ਼ੇ ਨੂੰ ਹੀ ਮਨਫ਼ੀ ਨਹੀਂ ਕੀਤਾ ਸਗੋਂ ਰਜਵਾੜਿਆਂ ਤੇ ਜਗੀਰਦਾਰਾਂ ਦੀ ਪਾਰਟੀ ਬਣਾ ਕੇ ਰੱਖ ਦਿਤਾ ਜਿਸ ਦੀ ਬਦੌਲਤ ਦਲਿਤ ਤੇ ਪਛੜੇ ਲੋਕ ਹੌਲੀ-ਹੌਲੀ ਪਾਰਟੀ ’ਤੋਂ ਦੂਰ ਹੋ ਗਏ। ਅੱਜ ਇਹ 34 ਫ਼ੀ ਸਦੀ ਦਲਿਤ ਇਸ ਪਾਰਟੀ ਤੋਂ ਬਾਹਰ ਹੋ ਗਏ ਜੋ ਦਲਿਤ ਟਕਸਾਲੀ ਪ੍ਰਵਾਰ ਜਿਹੜੇ ਕਿਸੇ ਸਮੇਂ ਪਾਰਟੀ ਦੀ ਮੋਹਰੀ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਕਿਹਾ ਕਿ ਚਾਹੇ ਉਹ ਜੇਲਾਂ ਕੱਟਣ ਦਾ ਸਮਾਂ ਹੋਵੇ ਜਾਂ ਕੁਰਬਾਨੀਆਂ ਦਾ ਸਮਾਂ ਹੋਵੇ, ਉਨ੍ਹਾਂ ਦਲਿਤਾਂ ਨੇ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਪਿੱਠ ਨਹੀਂ ਵਿਖਾਈ ਪਰ ਅੱਜ ਉਹ ਪ੍ਰਵਾਰ ਹਾਸ਼ੀਏ ’ਤੇ ਕਰ ਦਿਤੇ ਗਏ ਹਨ।
ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਪੰਥ ਅਤੇ ਪੰਜਾਬ ਦੀ ਮਜਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ ਪਰ ਇਹ ਅਕਾਲੀ ਦਲ ਉਂਨੀ ਦੇਰ ਤਕ ਮਜਬੂਤ ਨਹੀਂ ਹੋ ਸਕਦਾ, ਜਿੰਨੀ ਦੇਰ ਤਕ ਇਸ ਨੂੰ ਇਨ੍ਹਾਂ ਸਰਮਾਏਦਾਰ ਜਗੀਰਦਾਰਾਂ ਦੀ ਜਕੜ ’ਚੋਂ ਬਾਹਰ ਕੱਢ ਕੇ ਉਨ੍ਹਾਂ ਕਿਰਤੀ ਲੋਕਾਂ ਦੇ ਸਪੁਰਦ ਨਹੀਂ ਕਰ ਦਿਤਾ ਜਾਂਦਾ, ਜਿਨ੍ਹਾਂ ਨੇ ਇਸ ਪਾਰਟੀ ਨੂੰ ਖ਼ੂਨ ਪਸੀਨੇ ਨਾਲ ਸਿੰਜਿਆ।
(For more Punjabi news apart from Sukhbir cornered Dalits selectively, says Justice Nirmal Singh, stay tuned to Rozana Spokesman)