ਸੰਸਦ ਭਵਨ ਕੰਪਲੈਕਸ ਵਿਚ ਜਾਰੀ ਧਰਨੇ ਦੌਰਾਨ ਕੇਂਦਰ ਨੂੰ ਕੀਤੇ ਸਵਾਲ
ਦਿੱਲੀ: ਮਨੀਪੁਰ 'ਚ ਜਾਰੀ ਹਿੰਸਾ ਵਿਰੁਧ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਵਲੋਂ ਸੰਸਦ ਕੰਪਲੈਕਸ 'ਚ ਧਰਨਾ ਚੌਥੇ ਦਿਨ ਵੀ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸੰਸਦ ਭਵਨ ਕੰਪਲੈਕਸ ਪਹੁੰਚੇ ਅਤੇ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ 'ਤੇ ਚਰਚਾ ਹੋਈ। ਦੂਜੇ ਪਾਸੇ ਸਪਾ ਨੇਤਾ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਅਪਣਾ ਸਮਰਥਨ ਦਿਤਾ।
ਇਹ ਵੀ ਪੜ੍ਹੋ: ਐਸ.ਜੀ.ਪੀ.ਸੀ. ਨੇ ਪੀ.ਟੀ.ਸੀ. ਨੂੰ ਭੇਜਿਆ 24.90 ਲੱਖ ਰੁਪਏ ਦੇ ਬਕਾਏ ਦਾ ਨੋਟਿਸ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਬੂਤਰ ਅੱਖਾਂ ਬੰਦ ਕਰ ਲਵੇ ਤਾਂ ਬਿੱਲੀ ਦਾ ਹਮਲਾ ਨਹੀਂ ਰੁਕਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੀਪੁਰ ਦੇ ਸੰਕਟ ਨੂੰ ਪਛਾਣ ਕੇ ਸਦਨ ਵਿਚ ਜਵਾਬ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਖਾਂ ਬੰਦ ਕਰਨ ਨਾਲ ਕੰਮ ਨਹੀਂ ਚੱਲੇਗਾ। ਸੰਜੇ ਸਿੰਘ ਨੇ ਮਨੀਪੁਰ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ, ਇਹ ਅਤਿ ਨਿੰਦਣਯੋਗ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਤਿੰਨ IPS ਅਫ਼ਸਰਾਂ ਨੁੰ ਮਿਲਿਆ ਵਾਧੂ ਚਾਰਜ
ਮੁੱਖ ਮੰਤਰੀ ਭਗਵੰਤ ਮਾਨ ਨੇ ਦਸਿਆ ਕਿ ਉਨ੍ਹਾਂ ਨੇ ਲੋਕ ਸਭਾ ਮੈਂਬਰ ਰਹਿੰਦਿਆਂ ਕਈ ਵਾਰ ਅਜਿਹੇ ਹਾਲਾਤ ਦੇਖੇ ਹਨ। ਉਨ੍ਹਾਂ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਦੇਸ਼ ਲਈ ਘਾਤਕ ਸਾਬਤ ਹੋ ਰਹੀ ਹੈ, ਮਨੀਪੁਰ ਦੇ ਹਾਲਾਤ ਨਫ਼ਰਤ ਦੀ ਰਾਜਨੀਤੀ ਦਾ ਹੀ ਨਤੀਜਾ ਹੈ। ਸਾਡੇ ਰਾਜਪਾਲ ਤਾਂ ਗੱਲ-ਗੱਲ ’ਤੇ ਚਿੱਠੀਆਂ ਭੇਜ ਦਿੰਦੇ ਨੇ, ਹੁਣ ਮਨੀਪੁਰ ਦੇ ਰਾਜਪਾਲ ਕਿਉਂ ਨਹੀਂ ਬੋਲ ਰਹੇ? ਰਾਜਪਾਲ ਸੂਬੇ ਵਿਚ ਕੇਂਦਰ ਸਰਕਾਰ ਦਾ ਨੁਮਾਇੰਦਾ ਹੁੰਦਾ ਹੈ ਅਤੇ ਉਸ ਨੇ ਕਾਨੂੰਨ-ਵਿਵਸਥਾ ਨੂੰ ਦੇਖਣਾ ਹੁੰਦਾ ਹੈ। ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: 'ਚਿੱਟੇ ਕੋਟ' ਵਿਚ ਜਿਨਸੀ ਸ਼ਿਕਾਰੀ! 64 ਸਾਲਾ ਡਾਕਟਰ 'ਤੇ ਅਜਿਹੇ ਇਲਜ਼ਾਮ ਸੁਣ ਕੇ ਰਹਿ ਜਾਓਗੇ ਹੈਰਾਨ!
ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸੀਹਤ
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕੰਮ ਹੀ ਨਹੀਂ ਕਰਨ ਦੇਣਾ ਤਾਂ ਪ੍ਰਧਾਨ ਮੰਤਰੀ ਅਤੇ ਅਮਿਤ ਸਾਹ, 28 ਰਾਜਪਾਲਾਂ ਨਾਲ ਮਿਲ ਕੇ ਦੇਸ਼ ਚਲਾ ਲੈਣ। ਫਿਰ ਹਜ਼ਾਰਾਂ ਕਰੋੜਾਂ ਰੁਪਏ ਖਰਚ ਕੇ ਚੋਣਾਂ ਕਰਵਾਉਣ ਦੀ ਕੀ ਲੋੜ? ਇਹ ਤਾਨਾਸ਼ਾਹੀ ਨਹੀਂ ਚੱਲੇਗੀ।ਦਿੱਲੀ ਆਰਡੀਨੈਂਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ, “ਕੇਂਦਰ ਸਰਕਾਰ ਜੇ ਸੁਪ੍ਰੀਮ ਕੋਰਟ ਦੀ ਗੱਲ ਨਹੀਂ ਮੰਨੇਗੀ ਤਾਂ ਹੋਰ ਕਿਸ ਦੀ ਮੰਨੇਗੀ? ਪ੍ਰਧਾਨ ਮੰਤਰੀ ਹਰ ਮਹੀਨੇ ਅਪਣੇ ਮਨ ਦੀ ਗੱਲ ਤਾਂ ਕਰ ਲੈਂਦੇ ਨੇ, ਲੋਕਾਂ ਦੇ ਮਨ ਦੀ ਕਦੋਂ ਸੁਣਨਗੇ?”