
ਪੰਜਾਬ ਦੀ ਬੁਢਾਪਾ ਪੈਨਸ਼ਨ ਸਕੀਮ ਤਹਿਤ ਔਰਤਾਂ ਦੇ ਹਿੱਸੇ ਦਾ ਲਾਭ 5205 ਮਰਦਾਂ ਨੂੰ ਦਿੱਤਾ
ਚੰਡੀਗੜ੍ਹ - ਪੰਜਾਬ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (ਕੈਸ਼ ਟਰਾਂਸਫਰ) ਸਕੀਮ ਤਹਿਤ ਵੱਡੀ ਗਿਣਤੀ ਵਿਚ ਬੁਢਾਪਾ ਅਤੇ ਵਿਧਵਾ ਪੈਨਸ਼ਨਰ ਹਨ ਜੋ ਅਯੋਗ ਹਨ। ਭਾਰਤ ਦੇ ਕੰਟਰੋਲਰ ਅਤੇ ਆਡਿਟ ਜਨਰਲ (ਕੈਗ) ਨੇ 2022 ਦੀ ਰਿਪੋਰਟ ਵਿਚ ਇਹ ਵੱਡਾ ਖੁਲਾਸਾ ਕੀਤਾ ਹੈ। ਕਾਰਗੁਜ਼ਾਰੀ ਆਡਿਟ ਵਿਚ ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਫਤਹਿਗੜ੍ਹ ਸਾਹਿਬ, ਪਟਿਆਲਾ, ਮੁਹਾਲੀ ਵਿਚ ਪਾਇਆ ਗਿਆ ਕਿ ਦੋ ਡੁਪਲੀਕੇਟ ਲੇਜ਼ਰਾਂ ਰਾਹੀਂ 11703 ਅਜਿਹੇ ਵਿਅਕਤੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੀ ਉਮਰ ਨਿਯਮਾਂ ਅਨੁਸਾਰ 60 ਸਾਲ ਤੋਂ ਘੱਟ ਹੈ।
ਜਨਵਰੀ 2018 ਤੋਂ ਜੁਲਾਈ 2020 ਦੀ ਮਿਆਦ ਲਈ ਖਾਤਿਆਂ ਦੀ ਪੜਤਾਲ ਵਿਚ 6 ਜ਼ਿਲ੍ਹਿਆਂ ਵਿਚ 8256 ਅਯੋਗ ਲਾਭਪਾਤਰੀ ਪਾਏ ਗਏ ਜੋ ਸਮਾਜ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ 9.89 ਕਰੋੜ ਦੀ ਸਿੱਧੀ ਲਾਭ ਸਕੀਮ ਵਿਚ ਵਸੂਲੀ ਨਹੀਂ ਕੀਤੀ ਗਈ। ਦੱਸ ਦਈਏ ਕਿ 5205 ਪੁਰਸ਼ਾਂ ਨੂੰ ਔਰਤਾਂ ਦੇ ਹਿੱਸੇ ਦਾ ਫੰਡ ਟਰਾਂਸਫ਼ਰ ਕੀਤਾ ਗਿਆ। ਮਈ 2017 ਤੋਂ ਨਵੰਬਰ 2017 ਦਰਮਿਆਨ ਵੈਰੀਫਿਕੇਸ਼ਨ ਵਿਚ 10,327 ਅਜਿਹੇ ਲੋਕ ਪਾਏ ਗਏ, ਜੋ ਅਯੋਗ ਹੋਣ ਦੇ ਬਾਵਜੂਦ ਪੈਨਸ਼ਨ ਅਤੇ ਹੋਰ ਸਕੀਮਾਂ ਲਈ ਪੈਸੇ ਲੈ ਰਹੇ ਸਨ।