
ਸਾਰੇ ਆਗੂ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦੇ ਸੂਬਾ ਹੈੱਡਕੁਆਰਟਰ ਨੇੜੇ ਪਾਰਕਿੰਗ ਵਿਚ ਹੋਏ ਇਕੱਠੇ
ਮੁਹਾਲੀ: ਸੀਐੱਮ ਭਗਵੰਤ ਮਾਨ ਦੀ ਅਗਵਾਈ ’ਚ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਭਾਜਪਾ ਲਗਾਤਾਰ ਵਿਰੋਧ ਕਰ ਰਹੀ ਹੈ। ਇਸੇ ਸਿਲਸਿਲੇ ਵਿਚ ਭਾਜਪਾ ਨੇ ਵਿਧਾਨ ਸਭਾ ਸੈਸ਼ਨ ਤੋਂ ਵੱਖ ‘ਲੋਕ ਵਿਧਾਨ ਸਭਾ’ ਦਾ ਆਯੋਜਨ ਕੀਤਾ। ਸਾਰੇ ਆਗੂ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦੇ ਸੂਬਾ ਹੈੱਡਕੁਆਰਟਰ ਨੇੜੇ ਬੱਤਰਾ ਸਿਨੇਮਾ ਦੀ ਪਾਰਕਿੰਗ ਵਿਚ ਪੁੱਜੇ।
ਇਸ ਜਨ ਸਭਾ ਵਿਚ ਪੰਜਾਬ ਨਾਲ ਸਬੰਧਤ 6 ਮੁੱਦੇ ਉਠਾਏ ਗਏ। ਇਨ੍ਹਾਂ ਵਿਚ ਭ੍ਰਿਸ਼ਟਾਚਾਰ, ਅਧੂਰੇ ਵਾਅਦੇ, ਖੇਤੀ, ਨਸ਼ੇ ਦੀ ਵੱਧ ਰਹੀ ਦੁਰਵਰਤੋਂ, SC/OBC ਦੀ ਵਿਗੜਦੀ ਹਾਲਤ ਅਤੇ ਕਾਨੂੰਨ ਵਿਵਸਥਾ ਸ਼ਾਮਲ ਸੀ। ਕਾਂਗਰਸ ਤੋਂ ਕੁਝ ਮਹੀਨੇ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ 'ਚ ਪੰਜਾਬ 'ਚ ਵਧੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ। ਹੋਰਨਾਂ ਆਗੂਆਂ ਨੇ ਸੂਬੇ ਵਿਚ ਵੱਧ ਰਹੇ ਅਪਰਾਧਾਂ ’ਤੇ ਸਵਾਲ ਉਠਾਏ।
ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਸਰਕਾਰ ਨੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਅਪਰੇਸ਼ਨ ਲੋਟਸ ਵਰਗੇ ਬਹਾਨੇ ਬਣਾਏ। ਸੂਬੇ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ।
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸੂਬੇ ਦੇ ਦੋਵੇਂ ਭਾਜਪਾ ਵਿਧਾਇਕਾਂ ਨਾਲ ਵਿਧਾਨ ਸਭਾ ਪੁੱਜੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੀਐਸਟੀ, ਬਿਜਲੀ ਅਤੇ ਪਰਾਲੀ ਦੇ ਮੁੱਦੇ 'ਤੇ ਚਰਚਾ ਕਰਨ ਲਈ ਇਹ ਸੈਸ਼ਨ ਬੁਲਾਇਆ ਹੈ। ਸਦਨ ਦੀ ਕਾਰਵਾਈ ਤੋਂ ਬਾਅਦ ਜਿਉਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸੇ ਦਾ ਮਤਾ ਪੇਸ਼ ਕੀਤਾ ਤਾਂ ਭਾਜਪਾ ਦੇ ਦੋਵੇਂ ਵਿਧਾਇਕ ਇਸ ਦਾ ਵਿਰੋਧ ਕਰਦੇ ਹੋਏ ਬਾਹਰ ਆ ਗਏ ਅਤੇ ਸਦਨ ਦਾ ਬਾਈਕਾਟ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਵਿਧਾਇਕ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪਾਰਟੀ ਦੇ ‘ਲੋਕ ਸਭਾ’ ਵਿਚ ਪੁੱਜੇ।
ਭਾਜਪਾ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਸੂਬਾ ਇਕਾਈ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ, ਵੀ ਪਹੁੰਚੇ। ਇਸ ਮੀਟਿੰਗ ਵਿਚ ਹੀ ਇਹ ਫੈਸਲਾ ਲਿਆ ਗਿਆ ਕਿ ਵਿਧਾਨ ਸਭਾ ਸੈਸ਼ਨ ਦੇ ਸਮਾਨਾਂਤਰ ਭਾਜਪਾ ਇੱਕ ਜਨ ਸਭਾ ਦਾ ਆਯੋਜਨ ਕਰੇਗੀ।
ਇਹ ਪਹਿਲੀ ਵਾਰ ਸੀ ਜਦੋਂ ਕੈਪਟਨ ਭਾਜਪਾ ਦੇ ਮੰਚ 'ਤੇ ਆਏ ਸਨ। ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਕਾਂਗਰਸ 'ਚ ਛੋਟੀ ਸੋਚ ਵਾਲੇ ਲੋਕ ਹਨ। ਇਸੇ ਲਈ ਪਿਛਲੇ ਸਾਲ ਉਨ੍ਹਾਂ ਖੁਦ ਸੋਨੀਆ ਗਾਂਧੀ ਦੇ ਸਾਹਮਣੇ ਅਸਤੀਫਾ ਦੇਣ ਦੀ ਇੱਛਾ ਪ੍ਰਗਟਾਈ ਸੀ। ਕਾਂਗਰਸ ਵਿਚ ਲੱਤਾਂ ਖਿੱਚਣ ਦਾ ਦੌਰ ਜਾਰੀ ਰਿਹਾ, ਇਸ ਲਈ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ।