ਕਰੀਬ 6 ਮਹੀਨੇ ਪਹਿਲਾਂ ਪਤਨੀ ਨਾਲ ਗਿਆ ਸੀ ਵਿਦੇਸ਼
ਕੋਟਕਪੂਰਾ :- ਨੇੜਲੇ ਪਿੰਡ ਦੇਵੀਵਾਲਾ ਦੇ ਵਸਨੀਕ 28 ਸਾਲਾ ਨੌਜਵਾਨ ਰਮਿੰਦਰ ਸਿੰਘ ਪੁੱਤਰ ਜੱਗਾ ਸਿੰਘ ਦੀ ਕਰੀਬ ਦੋ ਹਫ਼ਤੇ ਪਹਿਲਾਂ ਮਲੇਸ਼ੀਆ ’ਚ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ, ਦੀ ਲਾਸ਼ ਅੱਜ ਪਿੰਡ ਪੁੱਜਣ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਦੀ ਮੌਜੂਦਗੀ ’ਚ ਬੇਹੱਦ ਗਮਗੀਨ ਮਾਹੌਲ ’ਚ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਪਿੰਡ ਵਾਸੀਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਉਸਨੂੰ ਅੰਤਿਮ ਵਿਦਾਇਗੀ ਦਿੱਤੀ। ਮ੍ਰਿਤਕ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਤੋਂ ਫ਼ੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਸੀ ਕਿ ਰਮਿੰਦਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ।
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਨੌਜਵਾਨ ਰਮਿੰਦਰ ਸਿੰਘ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਰਮਿੰਦਰ ਸਿੰਘ ਦੇ ਖੁਦਕੁਸ਼ੀ ਕਰਨ ਦੇ ਕਾਰਨਾ ਬਾਰੇ ਪਤਾ ਲਾਉਣ ਦੀ ਕੌਸ਼ਿਸ਼ ਕੀਤੀ ਜਾਵੇਗੀ। ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਜ਼ੈਲਦਾਰ ਅਤੇ ਚਰਨਜੀਤ ਸਿੰਘ ਢਿੱਲੋਂ ਨੇ ਉਕਤ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਰਮਿੰਦਰ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ ਅਤੇ ਕਮਾਈ ਕਰਨ ਦੇ ਉਦੇਸ਼ ਨਾਲ ਉਹ ਕਰੀਬ 6 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ।