
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਚ ਆਯੋਜਿਤ ਰਾਜ ਪੱਧਰ ਕਾਇਆ-ਕਲਪ ਸਮਾਗਮ ਵਿਚ ਪ੍ਰਦੇਸ਼ਾਂ...
ਫਤਿਹਗੜ੍ਹ ਸਾਹਿਬ (ਪੀਟੀਆਈ) : ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਚ ਆਯੋਜਿਤ ਰਾਜ ਪੱਧਰ ਕਾਇਆ-ਕਲਪ ਸਮਾਗਮ ਵਿਚ ਪ੍ਰਦੇਸ਼ਾਂ ਤੋਂ ਆਏ ਡਾਕਟਰਾਂ ਨੂੰ ਚੰਗੀ ਸਿਹਤ ਸੁਵਿਧਾਵਾਂ ਦੇਣ ਲਈ ਸਨਮਾਨਿਤ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਨੂੰ ਐਕਸਟੈਂਡ ਕਰ ਕੇ ਯੂਨੀਵਰਸਲ ਹੈਲਥ ਆਫ਼ ਆਲ ਸੇਵਾ ਸ਼ੁਰੂ ਕੀਤੀ ਹੈ ਜੋ ਇਕ ਜਨਵਰੀ 2019 ਤੋਂ ਪੂਰੇ ਪੰਜਾਬ ਵਿਚ ਸ਼ੁਰੂ ਹੋਵੇਗੀ।
ਇਸ ਦੇ ਤਹਿਤ ਪੰਜਾਬ ਦੇ 46 ਲੱਖ ਪਰਿਵਾਰ ਸਿਹਤ ਬੀਮਾ ਯੋਜਨਾ ਦੇ ਤਹਿਤ ਸਰਕਾਰੀ ਹਸਪਤਾਲਾਂ ਵਿਚ ਅਪਣਾ ਇਲਾਜ ਕਰਵਾ ਸਕਣਗੇ। ਇਹ ਇਲਾਜ ਪੰਜ ਲੱਖ ਵਿਚ ਹੋਵੇਗਾ। ਇਸ ਤੋਂ ਪਹਿਲਾਂ ਬੀਮੇ ਦਾ ਕਲੇਮ ਪ੍ਰਾਇਵੇਟ ਹਸਪਤਾਲਾਂ ਨੂੰ ਜਾ ਰਿਹਾ ਹੈ ਜੇਕਰ ਉਨ੍ਹਾਂ ਦਾ ਇਲਾਜ ਸਾਡੇ ਹਸਪਤਾਲਾਂ ਵਿਚ ਹੋਵੇਗਾ ਤਾਂ ਕਲੇਮ ਦਾ ਪੈਸਾ ਸਾਡੇ ਹਸਪਤਾਲਾਂ ਵਿਚ ਆਵੇਗਾ ਤਾਂ ਅਸੀ ਹੋਰ ਵੀ ਚੰਗੀਆਂ ਸਿਹਤ ਸੇਵਾਵਾਂ ਸ਼ੁਰੂ ਕਰ ਸਕਾਂਗੇ। ਮਿਸ਼ਨ ਤੰਦਰੁਸਤ ਪੰਜਾਬ ਨੂੰ ਸਿਰਫ਼ ਸਾਡੇ ਡਾਕਟਰ ਹੀ ਕਾਮਯਾਬ ਕਰ ਸਕਦੇ ਹਨ।
ਸਮਾਗਮ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ ਸਤੀਸ਼ ਚੰਦਰਾ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਡਾ. ਨਿਰੇਸ਼ ਕਾਂਸਲ, ਡਾਇਰੈਕਟਰ ਸਿਹਤ ਕਾਰਪੋਰੇਸ਼ਨ ਡਾ. ਮੀਨਾ ਹਰਦੀਪ ਸਿੰਘ ਅਤੇ ਸਿਵਲ ਸਰਜਨ ਡਾ. ਐਨਕੇ ਅਗਰਵਾਲ ਨੇ ਵੀ ਕਾਇਆ-ਕਲਪ ਸਫ਼ਾਈ ਮੁਹਿੰਮ ਬਾਰੇ ਜਾਣਕਾਰੀ ਦਿਤੀ।
ਇਸ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਮਨਦੀਪ ਕੌਰ ਨਾਗਰਾ, ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ, ਐਸਐਸਪੀ ਅਲਕਾ ਮੀਨਾ, ਏਡੀਸੀ ਜਸਪ੍ਰੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਡਾ. ਪੁਰਸ਼ੋਤਮ ਅਤੇ ਡਾ. ਹਰਿੰਦਰ ਕੌਰ ਸਹਿਤ ਪੰਜਾਬ ਦੇ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੌਜੂਦ ਰਹੇ।
ਇਸ ਦੌਰਾਨ ਸਿਹਤ ਮੰਤਰੀ ਨੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਿਤਾਂ ਨੂੰ ਚੰਗੀ ਸਿਹਤ ਸਹੂਲਤ ਦੇਣ ਵਾਲੇ ਅਮ੍ਰਿਤਸਰ ਸਿਹਤ ਵਿਭਾਗ ਦੇ ਸਾਰੇ ਹਸਪਤਾਲਾਂ ਦੇ ਡਾਕਟਰਾਂ, ਐਸਐਮਓ ਅਤੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਾਦਸੇ ਤੋਂ ਬਾਅਦ ਸਾਰੇ ਲੋਕਾਂ ਨੇ ਬੜੀ ਗੰਭੀਰਤਾ ਨਾਲ ਪੀੜਿਤਾਂ ਦਾ ਇਲਾਜ ਕੀਤਾ ਹੈ, ਜਿਸ ਦੇ ਲਈ ਸਾਰੇ ਡਾਕਟਰ ਅਤੇ ਸਟਾਫ਼ ਵਧਾਈ ਦੇ ਪਾਤਰ ਹਨ।
ਪੂਰੇ ਸਿਹਤ ਵਿਭਾਗ ਲਈ ਚੰਗੀ ਖ਼ਬਰ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਦੀ ਇਕ ਵੀ ਨੈਗਟਿਵ ਖ਼ਬਰ ਮੀਡੀਆ ਵਿਚ ਨਹੀਂ ਆਈ। ਅੰਮ੍ਰਿਤਸਰ ਦੇ ਸਿਹਤ ਵਿਭਾਗ ਤੋਂ ਪੂਰੇ ਪੰਜਾਬ ਦੇ ਸਿਹਤ ਵਿਭਾਗਾਂ ਨੂੰ ਸਿੱਖਣਾ ਹੋਵੇਗਾ।