
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਅਦਾਲਤ ਵਿਚ ਜਿਹੜਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ.............
ਪਟਿਆਲਾ : ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਅਦਾਲਤ ਵਿਚ ਜਿਹੜਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ, ਉਸ ਵਿਚ ਅੱਜ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੁਡੀਸ਼ਿਅਲ ਮੈਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਵਿਚ ਪੇਸ਼ ਹੋਏ। ਉਹ ਅਪਣੇ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨਾਲ ਅਦਾਲਤ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਅਪਣੇ ਬਿਆਨ ਦਰਜ ਕਰਵਾਏ। ਬਿਆਨਾਂ ਵਿਚ ਕੀ ਕਿਹਾ ਇਸ ਬਾਰੇ ਅਜੇ ਉਨ੍ਹਾਂ ਵਲੋਂ ਕੁੱਝ ਵੀ ਸਪਸ਼ਟ ਤੌਰ 'ਤੇ ਨਹੀਂ ਦੱਸਿਆ ਗਿਆ ਪਰ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 27 ਸਤੰਬਰ 'ਤੇ ਪਾ ਦਿਤੀ ਹੈ।
ਬ੍ਰਹਮ ਮਹਿੰਦਰਾ ਦੇ ਅੱਜ ਬਿਆਨ ਪੂਰੇ ਨਹੀਂ ਹੋਏ, ਉਹ ਫਿਰ 27 ਸਤੰਬਰ ਨੂੰ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣਗੇ। ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਸੰਮਨ ਮਿਲਿਆ ਜਾਂ ਨਹੀਂ ਮਿਲਿਆ, ਇਸ ਬਾਰੇ ਅਜੇ ਕੁੱਝ ਨਹੀਂ ਪਤਾ ਲੱਗ ਸਕਿਆ ਸੀ। ਮਾਣਯੋਗ ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਅਦਾਲਤ ਨੂੰ ਪੂਰੀ ਸੱਚਾਈ ਦੱਸ ਦਿੱਤੀ ਗਈ ਹੈ। ਜਿਹੜੇ ਦੋਸ਼ ਸਿਮਰਜੀਤ ਸਿੰਘ ਬੈਂਸ ਵਲੋਂ ਲਾਏ ਗਏ ਸਨ, ਉਨ੍ਹਾਂ ਦਾ ਪੁਆਇੰਟ ਦਰ ਪੁਆਇੰਟ ਜਵਾਬ ਦਿਤਾ ਜਾ ਰਿਹਾ ਹੈ ਤਾਂ ਕਿ ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਂਦਾ ਜਾ ਸਕੇ।
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਜਿਹੜੇ ਦੋਸ਼ ਲਾਏ ਗਏ ਸਨ, ਉਹ ਬੇਬੁਨਿਆਦ ਸਨ, ਇਸ ਨਾਲ ਉਨ੍ਹਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚੀ, ਜਿਸ ਕਾਰਨ ਉਨ੍ਹਾਂ ਵਲੋਂ ਅਦਾਲਤ ਵਿਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੰਤ ਬਾਂਗਾ, ਉਨ੍ਹਾਂ ਦੇ ਐਡਵੋਕੇਟ ਗੁਰਪ੍ਰੀਤ ਭਸੀਨ, ਅਮਿਤ ਜਿੰਦਲ, ਅਨਿਲ ਮੌਦਗਿਲ, ਕੌਂਸਲਰ ਹੈਪੀ, ਸੰਜੀਵ ਸ਼ਰਮਾ, ਰਵਿੰਦਰ ਸਿੰਘ, ਐਡਵੋਕੇਟ ਹਰਵਿੰਦਰ ਸ਼ੁਕਲਾ, ਕੁਲਭੂਸ਼ਣ, ਰਜਿੰਦਰ ਰਾਜੂ, ਸੇਵਕ ਸਿੰਘ ਝਿੱਲ ਆਦਿ ਪਹੁੰਚੇ ਹੋਏ ਸਨ।