
ਅਲਾਇੰਸ ਏਅਰ, ਏਅਰ ਇੰਡੀਆ ਗਰੁਪ ਕੰਪਨੀ 16 ਨਵੰਬਰ ਤੋਂ ਧਰਮਸ਼ਾਲਾ ਲਈ ਹਵਾਈ ਸੇਵਾ ਸ਼ੁਰੂ ਕਰ ਰਹੀ ਹੈ
ਚੰਡੀਗੜ੍ਹ (ਕ.ਸ.ਬ.) : ਅਲਾਇੰਸ ਏਅਰ, ਏਅਰ ਇੰਡੀਆ ਗਰੁਪ ਕੰਪਨੀ 16 ਨਵੰਬਰ ਤੋਂ ਧਰਮਸ਼ਾਲਾ ਲਈ ਹਵਾਈ ਸੇਵਾ ਸ਼ੁਰੂ ਕਰ ਰਹੀ ਹੈ। ਏਅਰ ਇੰਡੀਆ ਲਿਮਟਿਡ ਦੇ ਸਟੇਸ਼ਨ ਮੈਨੇਜਰ ਐਮ.ਆਰ. ਜਿੰਦਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਡਾਣ ਹਫ਼ਤੇ ਵਿਚ ਛੇ ਦਿਨ ਚਲੇਗੀ। ਐਤਵਾਰ ਨੂੰ ਉਡਾਣ ਬੰਦ ਰਹੇਗੀ। ਉਨ੍ਹਾਂ ਨੇ ਦਸਿਆ ਕਿ ਇਹ ਏ.ਟੀ.ਆਰ 70 ਸੀਟਰ ਜਹਾਜ਼ ਹੋਵੇਗਾ।
ਸਟੇਸ਼ਨ ਮੈਨੇਜਰ ਵਲੋਂ ਦਿਤੀ ਜਾਣਕਾਰੀ ਅਨੁਸਾਰ ਇਸ ਉਡਾਣ ਨਾਲ ਹਿਮਾਚਲ ਪ੍ਰਦੇਸ਼ ਵਿਚ ਛੁੱਟੀਆਂ ਬਿਤਾਉਣ ਵਾਲਿਆਂ ਨੂੰ ਲਾਭ ਮਿਲੇਗਾ। ਵਿਦੇਸ਼ੀ ਸੈਲਾਨੀ ਵੀ ਦਿੱਲੀ ਤੋਂ ਧਰਮਸ਼ਾਲਾ ਬਰਾਸਤਾ ਚੰਡੀਗੜ੍ਹ ਜਹਾਜ਼ ਰਾਹੀਂ ਜਾ ਸਕਣਗੇ। ਇਸੇ ਖੇਤਰ ਵਿਚ ਪੈਂਦੇ ਮੰਦਰਾਂ ਦੇ ਦਰਸ਼ਨ ਕਰਨ ਵਾਲਿਆਂ ਦੀ ਵੱਡੀ ਖ਼ਾਹਿਸ਼ ਪੂਰੀ ਹੋ ਜਾਵੇਗੀ। ਧਰਮਸ਼ਾਲਾ ਤੋਂ ਜਹਾਜ਼ ਸਵੇਰੇ 8.30 ਵਜੇ ਮੋਹਾਲੀ ਹਵਾਈ ਅੱਡੇ ਲਈ ਉਡਾਣ ਭਰੇਗਾ ਤੇ ਇਕ ਘੰਟੇ ਵਿਚ 9.30 ਵਜੇ ਪੁੱਜ ਜਾਵੇਗਾ।
ਚੰਡੀਗੜ੍ਹ ਤੋਂ ਵਾਪਸ 9.55 ਵਜੇ ਵਾਪਸੀ ਲਈ ਉਡਾਣ ਭਰੇਗਾ ਤੇ 10.55 ਵਜੇ ਧਰਮਸ਼ਾਲਾ ਪੁੱਜ ਜਾਵੇਗਾ। ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਘਰੇਲੂ ਤੇ ਕੌਮਾਂਤਰੀ ਉਡਾਣ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ 4 ਦਰਜਨ ਦੇ ਕਰੀਬ ਜਹਾਜ਼ ਉਡਦੇ ਹਨ। ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਇਸਦਾ ਵਿਸਥਾਰ ਕੀਤਾ ਗਿਆ ਹੈ। ਇਸ ਦੇ ਖੁਲ੍ਹਣ ਦਾ ਸਮਾਂ ਵੀ ਸਵੇਰ 7 ਤੋਂ ਰਾਤ 9:30 ਵਜੇ ਤਕ ਕਰ ਦਿਤਾ ਗਿਆ ਹੈ।