
ਮੂਲ ਮੰਤਰ ਅਤੇ ਰਹਿਰਾਸ ਵਿਚ ਸਾਧ ਯੂਨੀਅਨ ਵਾਲੀ ਤਬਦੀਲੀ ਨਹੀਂ ਕਰਨ ਦਿਤੀ ਜਾਵੇਗੀ
ਧਾਰੀਵਾਲ (ਇੰਦਰਜੀਤ): ਡੇਰੇਦਾਰਾਂ ਅਤੇ ਸੰਪਰਦਾਈਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੂਲ ਮੰਤਰ ਵੱਡਾ ਕਰਨ ਅਤੇ ਰਹਿਰਾਸ ਦਾ ਪਾਠ ਵੀ ਡੇਰੇਦਾਰਾਂ ਦੀ ਮਰਿਆਦਾ ਮੁਤਾਬਕ ਕਰਨ ਦੀ ਮੰਗ ਨਾਲ ਪੰਥ-ਦਰਦੀਆਂ ਅਤੇ ਸਮੁੱਚੀ ਸਿੱਖ ਕੌਮ ਵਿਚ ਹਲਚਲ ਮਚਾ ਦਿਤੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਅਪਣੇ ਮੁੱਖ ਦਫ਼ਤਰ ਧਾਰੀਵਾਲ ਵਿਖੇ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪੰਥ ਦੀ ਮਰਿਆਦਾ ਵਾਸਤੇ ਸਪੋਕਸਮੈਨ ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਨੇ ਸਾਰੀ ਉਮਰ ਜਦੋ-ਜਹਿਦ ਕੀਤੀ ਅਤੇ ਵੋਟਾਂ ਦੀ ਖ਼ਾਤਰ ਸਿੱਖ ਪੰਥ ਨੂੰ ਢਾਹ ਲਾਉਣ ਵਾਲਿਆਂ ਦੀਆਂ ਹਰਕਤਾਂ ਅਤੇ ਕਰਤੂਤਾਂ ਨੂੰ ਕੌਮ ਸਾਹਮਣੇ ਉਜਾਗਰ ਕੀਤਾ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਜੂਨ 1984 ਵਿਚੋਂ ਅਕਾਲ ਤਖ਼ਤ 'ਤੇ ਹੋਏ ਫ਼ੌਜੀ ਹਮਲੇ ਦੌਰਾਨ ਮਾਰੀਆਂ ਨਿਰਦੋਸ਼ ਸੰਗਤਾਂ ਦੇ ਹੱਕ ਵਿਚ ਬੈਂਰਕਾਂ ਛੱਡ ਕੇ ਸਿੱਖ ਧਰਮੀ ਫ਼ੌਜੀਆਂ ਨੇ ਸ੍ਰੀ ਅੰਮ੍ਰਿਤਸਰ ਵਲ ਕੂਚ ਕਰ ਦਿਤਾ ਅਤੇ ਜੋ ਤਸੇਹੇ ਧਰਮੀ ਫ਼ੌਜੀਆਂ ਨੂੰ ਦਿਤੇ ਗਏ ਉਸ ਦਾ ਇਤਿਹਾਸ ਗਵਾਹ ਹੈ ।
SGPC
ਧਰਮੀ ਫ਼ੌਜੀਆਂ ਨੇ ਕਿਹਾ ਕਿ ਡੇਰੇਦਾਰਾਂ ਦਾ ਇਹ ਬਿਆਨ ਸਿੱਖ ਮਰਿਆਦਾ ਨੂੰ ਬਦਲਣ ਦੀ ਵਿਉਂਤਬੰਦੀ ਤਹਿਤ ਸਿੱਖ ਕੌਮ ਨੂੰ ਖੇਰੂ ਖੇਰੂ ਕਰਨ ਦੀ ਗੁਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ ਕਿਉਂਕਿ ਗੁਰੂ ਸਾਹਿਬਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਈ ਦਰਜ ਮੂਲ ਮੰਤਰ ਨੂੰ ਵੱਡਾ ਛੋਟਾ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਅੰਗਰੇਜ਼ਾਂ ਵਲੋਂ ਪਾੜੋ ਅਤੇ ਰਾਜ ਕਰੋ ਦੀ ਨੀਤੀ ਤਹਿਤ ਬਣਾਏ ਡੇਰੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਕਿਵੇਂ ਫ਼ੁਰਮਾਨ ਦੇ ਸਕਦੇ ਹਨ ਜਦਕਿ ਰਾਜਨੀਤਕ ਲੋਕਾਂ ਵਲੋਂ ਕੁਰਸੀਆਂ ਦੀ ਖ਼ਾਤਰ ਡੇਰਿਆਂ ਦੀ ਪੰਥ ਵਿਚ ਦਖ਼ਲਅੰਦਾਜ਼ੀ ਦਾ ਵਿਰੋਧ ਕਰਨ ਦਾ ਹੌਂਸਲਾ ਨਹੀਂ ਪੈਣਾ।
ਧਰਮੀ ਫ਼ੌਜੀਆਂ ਜਥੇਬੰਦੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ, ਅੰਤ੍ਰਿਮ ਕਮੇਟੀ ਮੈਂਬਰ ਸਾਹਿਬਾਨ, ਪੰਥ ਦਰਦੀਆਂ, ਸਿੱਖ ਬੁੱਧੀਜੀਵੀਆਂ ਅਤੇ ਸਿੱਖ ਸੰਸਥਾਵਾਂ ਰਲ ਕੇ ਸਿੱਖ ਪੰਥ ਦੀ ਮਰਿਆਦਾ ਡੇਰਿਆਂ 'ਤੇ ਲਾਗੂ ਕਰਵਾਉਣ ਲਈ ਅੱਗੇ ਆਉਣ। ਇਸ ਮੌਕੇ ਸੀ.ਮੀਤ ਪ੍ਰਧਾਨ ਰਣਧੀਰ ਸਿੰਘ,ਕੈਸ਼ੀਅਰ ਸੁਖਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।