
ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਨੂੰ ਧਾਰਮਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰੇਗੀ
ਕਪੂਰਥਲਾ : ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ-ਡੇਰਾ ਬਾਬਾ ਨਾਨਕ ਬਰਾਸਤਾ ਸੁਭਾਨਪੁਰ ਸੜਕ ਦਾ ਨਾਮ 'ਗੁਰੂ ਨਾਨਕ ਮਾਰਗ' ਰਖਿਆ ਜਾਵੇਗਾ ਜਿਸ ਲਈ ਲੋੜੀਂਦੀ ਪ੍ਰਸ਼ਾਸਕੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ ਜਲਦ ਹੀ ਇਸ ਮਾਰਗ ਦੇ ਨਾਮਕਰਨ ਦੀ ਰਸਮ ਅਦਾ ਕੀਤੀ ਜਾਵੇਗੀ।
Sultanpur Lodhi Gurudwara
ਅੱਜ ਇਥੇ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ 550ਵੇਂ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਦੋਹਾਂ ਇਤਿਹਾਸਕ ਸ਼ਹਿਰਾਂ ਨੂੰ ਜੋੜਨ ਵਾਲੀ ਇਸ ਸੜਕ ਦੇ 'ਗੁਰੂ ਨਾਨਕ ਮਾਰਗ' ਵਜੋਂ ਨਾਮਕਰਨ ਬਹੁਤ ਵੱਡਾ ਫ਼ੈਸਲਾ ਹੈ ਕਿਉਂਕਿ ਇਹ ਦੋਵੇਂ ਸ਼ਹਿਰ ਇਸ ਸਦੀ ਦੇ ਸੱਭ ਤੋਂ ਯਾਦਗਾਰੀ ਦਿਨਾਂ ਦਾ ਗਵਾਹ ਬਣ ਰਹੇ ਹਨ। ਸੁਲਤਾਨਪੁਰ ਲੋਧੀ ਵਿਖੇ ਸ਼ਰਧਾਲੂਆਂ ਦੀ ਗਿਣਤੀ ਵਿਚ ਵੱਡੇ ਇਜ਼ਾਫ਼ੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਸ਼ਵ ਭਰ ਵਿਚੋਂ ਲੋਕਾਂ ਦੇ ਸੁਲਤਾਨਪੁਰ ਲੋਧੀ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਸ਼ਹਿਰ ਨੂੰ ਧਾਰਮਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਕਿਉਂ ਜੋ 550ਵੇਂ ਪ੍ਰਕਾਸ਼ ਪੁਰਬ ਕਾਰਨ ਜਿਥੇ ਇਹ ਸ਼ਹਿਰ ਪਹਿਲਾਂ ਹੀ ਵਿਸ਼ਵ ਦੇ ਨਕਸ਼ੇ 'ਤੇ ਆ ਗਿਆ ਹੈ ਉੱਥੇ ਹੀ ਧਾਰਮਕ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਵਿਚ ਅਸੀਮ ਵਾਧਾ ਹੋਇਆ ਹੈ। ਸ਼ਹਿਰ ਵਿਚ ਬੁਨਿਆਦੀ ਢਾਂਚੇ ਦੇ ਚੱਲ ਰਹੇ ਕੰਮਾਂ ਨੂੰ ਜਲਦ ਪੂਰਾ ਕਰਨ ਦੀ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਪਹਿਲੀ ਨਵੰਬਰ ਤੋਂ 12 ਨਵੰਬਰ ਤੱਕ ਰੋਜ਼ਾਨਾ 10 ਲੱਖ ਤੋਂ ਵਧੇਰੇ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜਿਸ ਲਈ 400 ਕਰੋੜ ਦੀ ਲਾਗਤ ਵਾਲੇ ਚਲ ਰਹੇ ਵਿਕਾਸ ਕਾਰਜਾਂ ਨੂੰ 20 ਅਕਤੂਬਰ ਤਕ ਹਰ ਹਾਲ ਮੁਕੰਮਲ ਕੀਤਾ ਜਾਵੇ।
Jasbir Singh Dimpa
ਸ਼ਰਧਾਲੂਆਂ ਦੇ ਠਹਿਰਣ ਲਈ ਬਣਾਈਆਂ ਜਾ ਰਹੀਆਂÎ ਟੈਂਟ ਸਿਟੀਜ਼ ਬਾਰੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਅਤੇ ਵਿਧਾਇਕ ਚੀਮਾ ਖ਼ੁਦ ਟੈਂਟ ਸਿਟੀ ਵਿਚ ਰਾਤ ਗੁਜਾਰਨੇਗੇ ਤਾਂ ਜੋ ਇਸ ਵਿਚਲੀਆਂ ਖ਼ਾਮੀਆਂ ਨੂੰ ਮਹਿਸੂਸ ਕਰ ਕੇ ਉਸ ਨੂੰ ਪਹਿਲਾਂ ਹੀ ਦੂਰ ਕੀਤਾ ਜਾ ਸਕੇ। ਐਸ.ਡੀ.ਐਮ. ਸੁਲਤਾਨਪੁਰ ਲੋਧੀ ਨੇ ਦਸਿਆ ਕਿ ਪਾਰਕਿੰਗ ਤੇ ਟੈਂਟ ਸਿਟੀ ਵਿਚ ਬਿਹਤਰੀਨ ਤਾਲਮੇਲ ਲਈ ਇੰਫੋਟੇਨਮੈਂਟ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹਰ ਪਾਰਕਿੰਗ ਤੇ ਟੈਂਟ ਸਿਟੀ ਵਿਚ ਲੰਗਰ, ਜੋੜੇ ਘਰ, ਪੀਣ ਵਾਲੇ ਪਾਣੀ , ਵੱਡੀਆਂ ਐਲ.ਈ.ਡੀ. ਸਕਰੀਨਾਂÎ ਤੋਂ ਇਲਾਵਾ 4000 ਪਖ਼ਾਨੇ ਵੀ ਬਣਾਏ ਜਾ ਰਹੇ ਹਨ। ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਵਿਖੇ ਆਈ.ਸੀ.ਯੂ ਤੇ ਐਕਸ ਰੇ ਮਸ਼ੀਨਾਂ ਸਥਾਪਤ ਕਰਨ ਦੇ ਕੰਮ ਨੂੰ ਤੇਜ਼ ਕਰਨ ਦੇ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਕਿ ਅਗਲੇ 10 ਦਿਨ ਤਕ ਇਹ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਪ੍ਰਬੰਧ ਮੌਜੂਦ ਹੋਣ। ਇਸ ਮੌਕੇ ਨਗਰ ਕੌਸਲ ਦੇ ਚੇਅਰਮੈਨ ਅਸ਼ੋਕ ਮੋਗਲਾ, ਐਸ.ਡੀ.ਐਮ. ਡਾ. ਚਾਰੂਮਿਤਾ ਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।