
ਗੁਰਮਤਿ ਪ੍ਰਚਾਰ ਸੰਤ ਸਭਾ ਪੰਜਾਬ ਵਲੋਂ 9 ਤੋਂ 11 ਨਵੰਬਰ ਤਕ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾਣਗੇ ਗੁਰਮਤਿ ਸਮਾਗਮ
ਗੜ੍ਹਦੀਵਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਸੰਤ ਸਭਾ ਪੰਜਾਬ ਵਲੋਂ 9 ਤੋਂ 11 ਨਵੰਬਰ ਤਕ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਸਬੰਧੀ ਸੰਤ ਸਮਾਜ ਦੀ ਬਣਾਈ ਗਈ ਕਮੇਟੀ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਵੰਸ਼ ਵਿਚੋਂ ਵਰੋਸਾਏ ਸੰਤ ਬਾਬਾ ਸਰਬਜੋਤ ਸਿੰਘ ਊਨਾ ਸਾਹਿਬ ਵਾਲਿਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਗੁਰਮਤਿ ਪ੍ਰਚਾਰ ਸੰਤ ਸਭਾ ਦੀ ਸਤਿਕਾਰਤ ਹਸਤੀ ਸੇਵਾ ਸਿੰਘ ਰਾਮਪੁਰ ਖੇੜਾ, ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤਰਨਾ ਦਲ ਬਜਵਾੜਾ, ਗੁਰਚਰਨ ਸਿੰਘ ਰੌਲੀ, ਬਾਬਾ ਅਜੀਤ ਸਿੰਘ ਬਰਨਾਲਾ, ਬਾਬਾ ਅਵਤਾਰ ਸਿੰਘ ਸੰਗਰੂਰ, ਬਾਬਾ ਸਰਬਜੋਤ ਸਿੰਘ ਲੋਧਿਆਣਾ ਆਦਿ ਨੇ ਸ਼ਮੂਲੀਅਤ ਕੀਤੀ।
Baba Sarabjot Singh Bedi, Sewa Singh and others
ਇਸ ਮੌਕੇ ਮੀਟਿੰਗ ਦੌਰਾਨ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਉਤਸਵ ਮਨਾਉਣ ਸਬੰਧੀ ਸਮਾਗਮਾਂ ਦੀ ਰੂਪ ਰੇਖਾ ਤਿਆਰ ਕੀਤੀ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਤਕ ਪਹੁੰਚਾਉਣ ਦੇ ਨਾਲ-ਨਾਲ ਜੇਲਾਂ ਵਿਚ ਬੰਦ ਕੈਦੀਆਂ ਨੂੰ ਵੀ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੋਂ ਜਾਣੂ ਕਰਾਉਣ ਲਈ ਕੀਤੇ ਜਾਣ ਵਾਲੇ ਯਤਨਾਂ ਸਬੰਧੀ ਵਿਚਾਰਾਂ ਕੀਤੀਆ ਗਈਆ। ਮੀਟਿੰਗ ਉਪਰੰਤ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੇਵਾ ਸਿੰਘ ਰਾਮਪੁਰ ਖੇੜਾ ਨੇ ਦਸਿਆ ਕਿ ਤਿੰਨ ਦਿਨ ਤਕ ਚਲਣ ਵਾਲੇ ਇਨ੍ਹਾਂ ਸਮਾਗਮਾਂ ਵਿਚ ਰੋਜ਼ਾਨਾ ਸਵੇਰੇ 4 ਵਜੇ ਤੋਂ ਰਾਤ 9 ਵਜੇ ਤਕ ਨਿਰੰਤਰ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸੰਤ ਸਭਾ ਵਲੋਂ ਲਗਾਈ ਜਾਣ ਵਾਲੀ ਵਖਰੀ ਇਸ ਸਟੇਜ ਤੋਂ ਕੋਈ ਸਿਆਸੀ ਵਿਚਾਰਾਂ ਨਹੀਂ ਹੋਣਗੀਆਂ।