
ਸਾਰੀਆਂ ਪਾਰਟੀਆਂ ਦੇ ਆਗੂ ਅਤੇ ਮਾਹਿਰਾਂ ਨੇ ਕੀਤੀ ਸ਼ਿਰਕਤ; ਸੱਤਾ ਧਿਰ ਰਹੀ ਗ਼ੈਰ-ਹਾਜ਼ਰ
ਚੰਡੀਗੜ੍ਹ:ਐਸਵਾਈਐਲ ਸਮੇਤ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਨ੍ਹੀਂ ਦਿਨੀ ਕਾਫੀ ਗਰਮਾਇਆ ਹੋਇਆ ਹੈ। ਜਿਥੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀਆਂ ਹਨ ਤਾਂ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ 1 ਨਵੰਬਰ ਨੂੰ ਇਸ ਮੁੱਦੇ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿਤੀ ਗਈ ਹੈ। ਮੁੱਖ ਮੰਤਰੀ ਵਲੋਂ ਇਸ ਖੁੱਲ੍ਹੀ ਬਹਿਸ ਨੂੰ ‘ਪੰਜਾਬ ਮੰਗਦਾ ਜਵਾਬ ਦਾ ਨਾਂਅ ਦਿਤਾ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਸਵਾਈਐਲ ਸਣੇ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਅਹਿਮ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ 'ਚ ਜਿਥੇ ਸਾਰੇ ਮਾਹਿਰਾਂ ਵਲੋਂ ਹਿੱਸਾ ਲਿਆ ਗਿਆ ਹੈ ਤਾਂ ਉਥੇ ਹੀ ਸਿਆਸੀ ਆਗੂਆਂ ਵਲੋਂ ਵੀ ਇਸ ਸੈਮੀਨਾਰ 'ਚ ਸ਼ਿਕਰਤ ਕੀਤੀ ਗਈ ਹੈ। ਪਰ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਸੈਮੀਨਾਰ 'ਚ ਸ਼ਾਮਲ ਨਹੀਂ ਹੋਇਆ। ਇਸ ਸੈਮੀਨਾਰ ਦਾ ਉਦੇਸ਼ ਰਾਜਨੀਤਿਕ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਵਿਦਵਾਨਾਂ, ਕਾਨੂੰਨੀ ਮਾਹਿਰਾਂ ਅਤੇ ਤਜਰਬੇਕਾਰ ਪੱਤਰਕਾਰਾਂ ਦੀ ਮੁਹਾਰਤ ਨੂੰ ਸਾਹਮਣੇ ਲਿਆਉਣਾ ਸੀ ਜਿਨ੍ਹਾਂ ਨੇ ਦਹਾਕਿਆਂ ਤੋਂ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਦਾ ਅਧਿਐਨ ਕੀਤਾ ਹੈ।
ਦਰਅਸਲ ਸਾਬਕਾ ਕਾਂਗਰਸੀ ਮੰਤਰੀ ਅਤੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਵਲੋਂ ਨਿਜੀ ਸੰਸਥਾ ਨਾਲ ਮਿਲ ਕੇ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਦਕਿ ਇਸ ਸੈਮੀਨਾਰ 'ਚ ਨਾ ਤਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਤੇ ਨਾ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਇਸ ਸੈਮੀਨਾਰ 'ਚ ਐਸਵਾਈਐਲ ਦੇ ਮੁੱਦੇ 'ਤੇ ਖਾਸ ਤੌਰ 'ਤੇ ਚਰਚਾ ਕੀਤਾ ਗਈ ਕਿ ਇਸ ਦਾ ਕੀ ਹੱਲ ਕੱਢਿਆ ਜਾ ਸਕਦਾ ਹੈ ਤੇ ਪੰਜਾਬ ਨੂੰ ਇਸ ਦਾ ਕੀ ਨੁਕਸਾਨ ਹੋਵੇਗਾ।
ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਕਿ ਇਸ ਸੈਮੀਨਾਰ 'ਚ ਪੰਜਾਬ ਦੇ ਲੀਡਰਾਂ ਨਾਲੋਂ ਮਾਹਿਰ ਜ਼ਿਆਦਾ ਆਏ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗਾਂ ਦਾ ਨਜ਼ਰੀਆ ਹੋਰ ਹੋ ਸਕਦਾ ਹੈ ਪਰ ਜੋ ਇਸ ਮੁੱਦੇ ਨਾਲ ਜੁੜੇ ਹੋਏ ਹਨ, ਉਹ ਚੰਗੀ ਤਰਾਂ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ 1 ਨਵੰਬਰ ਦੀ ਬਹਿਸ ਲਈ ਮੁੱਖ ਮੰਤਰੀ ਨੇ ਮੰਚ ਸੰਚਾਲਕ ਲਈ ਜੌੜਾ ਸਾਹਿਬ ਨੂੰ ਜ਼ਿੰਮੇਵਾਰੀ ਦਿਤੀ ਪਰ ਜੋ ਖੁਦ ਸਰਕਾਰ ਦੇ ਰਹਿਮੋ ਕਰਮ 'ਤੇ ਕੱਟ ਰਹੇ ਉਹ ਨਿਰਪੱਖ ਬਹਿਸ ਕਿਵੇਂ ਕਰਵਾ ਸਕਦੇ ਹਨ। ਜਾਖੜ ਨੇ ਕਿਹਾ ਕਿ ਸਰਕਾਰ ਸੱਤਾ ਦੇ ਨਸ਼ੇ 'ਚ ਅੰਨ੍ਹੀ ਹੋਈ ਪਈ ਹੈ, ਜੋ ਮੁੱਖ ਮੰਤਰੀ ਮਾਨ ਕਦੇ ਖੁਦ ਦੂਜਿਆਂ ਨੂੰ ਭੰਡਦੇ ਰਹੇ ਹੋਣ, ਉਹ ਇਕ ਮਾਮੂਲੀ ਵੀਡੀਉ ਕਾਰਨ ਹੀ ਭਟਕ ਗਏ, ਜਦਕਿ ਗੱਲ ਤਾਂ ਪੰਜਾਬ ਦੇ ਲੋਕਾਂ ਦੀ ਕੀਤੀ ਹੈ।
ਇਸ ਦੇ ਨਾਲ ਹੀ ਅਕਾਲੀ ਆਗੂ ਬਿਰਕਮ ਮਜੀਠੀਆ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਮੁੱਦਿਆਂ ਤੋਂ ਭੱਜ ਰਹੀ ਅਤੇ ਇਸ ਬਹਿਸ ਨੂੰ ਤਮਾਸ਼ਾ ਬਣਾ ਦਿਤਾ। ਮਜੀਠੀਆ ਨੇ ਕਿਹਾ ਕਿ ਸਰਕਾਰ ਕਹਿ ਰਹੀ ਕਿ ਪੰਜਾਬ ਦੇ ਮੁੱਦਿਆਂ ਲਈ ਅੱਧੇ ਘੰਟੇ ਦਾ ਸਮਾਂ ਮਿਲੇਗਾ ਪਰ ਮਸਲਾ ਤਾਂ ਐਸਵਾਈਐਲ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦੇ ਤਾਂ ਰੋਜ਼ਾਨਾ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਚੁੱਕੇ ਜਾ ਰਹੇ ਹਨ। ਮਜੀਠੀਆ ਦਾ ਕਹਿਣਾ ਕਿ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਉਹ ਸਰਕਾਰ ਤੋਂ ਜਵਾਬ ਜ਼ਰੂਰ ਮੰਗਣਗੇ।
ਇਸ ਮੌਕੇ ਸੁਨੀਲ ਜਾਖੜ, ਬਿਕਰਮ ਮਜੀਠੀਆ ਤੋਂ ਇਲਾਕਾ ਅਕਾਲੀ ਆਗੂ ਡਾਕਟਰ ਦਲਜੀਤ ਚੀਮਾ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਬਲਵੰਤ ਸਿੰਘ ਰਾਮੂਵਾਲੀਆ, ਸੰਦੀਪ ਜਾਖੜ, ਤ੍ਰਿਪਤ ਰਜਿੰਦਰ ਬਾਜਵਾ, ਸਿਮਰਨਜੀਤ ਸਿੰਘ ਮਾਨ ਅਤੇ ਮੁਹੰਮਦ ਸਦੀਕ ਸਮੇਤ ਪੰਜਾਬ ਦੇ ਆਗੂ ਇਕੱਠੇ ਬੈਠੇ ਅਤੇ ਨਾਮਵਰ ਬੁਲਾਰਿਆਂ ਨੂੰ ਸੁਣਦੇ ਨਜ਼ਰ ਆਏ।