
ਤਰੁਣ ਚੁੱਘ ਨੇ ਕਿਹਾ ਕਿ ਬੀਬੀਐਮਬੀ ਨੇ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇ ਕੇ ਇਹਨਾਂ ਆਗੂਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।
ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੂਬੇ ਦੀ ਸੱਤਾ 'ਤੇ ਕਾਬਜ਼ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ 'ਚ ਬੈਠੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੱਥਾਂ ਨੂੰ ਜਾਣੇ ਬਿਨ੍ਹਾਂ ਹੀ ਅਤਿ-ਸੰਵੇਦਨਸ਼ੀਲ ਮੁੱਦਿਆਂ 'ਤੇ ਬੇਤੁਕੇ ਬਿਆਨ ਦੇ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।
ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਸਮੇਤ ਕਈ ਆਗੂਆਂ ਨੇ ਕੇਂਦਰ ਸਰਕਾਰ 'ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਬੁਨਿਆਦੀ ਢਾਂਚੇ 'ਚ ਫੇਰਬਦਲ ਕਰਨ ਦਾ ਦੋਸ਼ ਲਗਾਇਆ ਹੈ, ਜੋ ਕਿ ਤੱਥਾਂ ਦੇ ਉਲਟ ਹੈ, ਇਸ ਮੁੱਦੇ 'ਤੇ ਬੋਲਣ ਤੋਂ ਪਹਿਲਾਂ ਉਹਨਾਂ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਤੋਂ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਸੀ।
ਚੁੱਘ ਨੇ ਕਿਹਾ ਕਿ ਬੀਬੀਐਮਬੀ ਨੇ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇ ਕੇ ਇਹਨਾਂ ਆਗੂਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਬੀਬੀਐਮਬੀ ਨੇ ਕਿਹਾ ਹੈ ਕਿ ਕੁਝ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ, ਪੰਜਾਬ-ਹਰਿਆਣਾ ਦੇ ਕਿਸੇ ਵੀ ਮੈਂਬਰ ਨੂੰ ਬੀਬੀਐਮਬੀ ਵਿਚੋਂ ਨਹੀਂ ਹਟਾਇਆ ਗਿਆ ਹੈ ਅਤੇ ਨਾ ਹੀ ਕੋਈ ਮੈਂਬਰ ਜੋੜਿਆ ਗਿਆ ਹੈ। ਬੀਬੀਐਮਬੀ ਨੇ ਤਕਨੀਕੀ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ। ਸਿਰਫ਼ ਬਿਜਲੀ ਅਤੇ ਸਿੰਚਾਈ ਦੇ ਮੈਂਬਰਾਂ ਦੀ ਤਕਨੀਕੀ ਯੋਗਤਾ ਦੇ ਨਿਯਮਾਂ ਵਿਚ ਬਦਲਾਅ ਕੀਤੇ ਗਏ ਹਨ।
ਚੁੱਘ ਨੇ ਕਿਹਾ ਕਿ ਕੇਂਦਰ ਸਰਕਾਰ 'ਤੇ ਉਂਗਲ ਉਠਾਉਣ ਵਾਲੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ 2017 'ਚ ਪੰਜਾਬ ਦੀ ਸੱਤਾ 'ਤੇ ਕਬਜ਼ਾ ਹੋਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਵਿਧਾਨ ਸਭਾ ਚੋਣਾਂ 'ਚ ਸੰਭਾਵੀ ਹਾਰ ਨੂੰ ਦੇਖ ਕੇ ਬੌਖਲਾਏ ਹੋਏ ਹਨ, ਜਿਸ ਕਾਰਨ ਉਹ ਬਿਨ੍ਹਾਂ ਕਿਸੇ ਆਧਾਰ ਤੋਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਵੀ 2022 ਦੀਆਂ ਚੋਣਾਂ 'ਚ ਸੂਬੇ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਉਣਾ ਚਾਹੁੰਦੇ ਹਨ। 10 ਮਾਰਚ ਨੂੰ ਦੋਵੇਂ ਪਾਰਟੀਆਂ ਨੂੰ ਪਤਾ ਲੱਗ ਜਾਵੇਗਾ ਕਿ ਸੂਬੇ ਦੇ ਲੋਕ ਇਸ ਵਾਰ ਭਾਜਪਾ ਗਠਜੋੜ ਦੇ ਹੱਕ ਵਿਚ ਖੜ੍ਹੇ ਹਨ।