
131 ਚੋਰੀ ਕੀਤੇ ਮੋਬਾਈਲ ਬਰਾਮਦ
Punjab News: ਪਟਿਆਲਾ ਦੀ ਕੋਤਵਾਲੀ ਪੁਲਿਸ ਨੇ ਬਾਹਰਲੇ ਸੂਬਿਆਂ ਤੋਂ ਮੋਬਾਈਲ ਫੋਨ ਚੋਰੀ ਕਰ ਕੇ ਪਟਿਆਲਾ ਵਿਚ ਵੇਚਣ ਵਾਲੇ ਇਕ ਗਿਰੋਹ ਨੂੰ ਕਾਬੂ ਕੀਤਾ ਹੈ। ਫਿਲਹਾਲ ਕੋਤਵਾਲੀ ਪਟਿਆਲਾ ਪੁਲਿਸ ਨੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚ ਬਲਵਿੰਦਰ ਸਿੰਘ ਵਾਸੀ ਪ੍ਰੇਮ ਕਲੋਨੀ, ਰਾਮ ਰਾਜਕ ਵਾਸੀ ਦਮੋਹ ਜ਼ਿਲ੍ਹਾ ਮੱਧ ਪ੍ਰਦੇਸ਼, ਚੰਦਨ ਵਾਸੀ ਸਾਗਰ ਜ਼ਿਲ੍ਹਾ ਮੱਧ ਪ੍ਰਦੇਸ਼ ਅਤੇ ਪਰਮਜੀਤ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ ਸ਼ਾਮਲ ਹਨ।
ਐਸਪੀ ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਦਸਿਆ ਕਿ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਨੇ ਰੰਗੀਸ਼ਾ ਕਲੋਨੀ ਇਲਾਕੇ ਵਿਚੋਂ ਇਸ ਗਿਰੋਹ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ 131 ਚੋਰੀ ਕੀਤੇ ਸਮਾਰਟਫ਼ੋਨ ਬਰਾਮਦ ਹੋਏ ਹਨ।
ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦਸਿਆ ਕਿ ਇਹ ਗਿਰੋਹ ਪਟਿਆਲਾ ਤੋਂ ਟਰੱਕ ਡਰਾਈਵਿੰਗ ਦਾ ਕੰਮ ਕਰਦੇ ਹੋਏ ਅਪਣੇ ਵਾਹਨਾਂ ਨਾਲ ਬਾਹਰਲੇ ਸੂਬਿਆਂ ਵਿਚ ਜਾਂਦੇ ਸਨ। ਇਹ ਲੋਕ ਬਾਹਰਲੇ ਸੂਬਿਆਂ ਵਿਚ ਜਾ ਕੇ ਢਾਬਿਆਂ ਅਤੇ ਹੋਰ ਥਾਵਾਂ ਤੋਂ ਫੋਨ ਚੋਰੀ ਕਰਦੇ ਸਨ। ਦੋ ਹਫ਼ਤੇ ਪਹਿਲਾਂ ਤਾਮਿਲਨਾਡੂ ਦੇ ਕੋਇੰਬਟੂਰ ਇਲਾਕੇ ਵਿਚ ਇਕ ਦੁਕਾਨ ਦੇ ਤਾਲੇ ਤੋੜ ਕੇ ਵੱਡੀ ਮਾਤਰਾ ਵਿਚ ਮੋਬਾਈਲ ਫ਼ੋਨ ਚੋਰੀ ਹੋ ਗਏ ਸਨ।
ਇਸ ਗਿਰੋਹ ਦਾ ਮੁੱਖ ਮੈਂਬਰ ਬਲਵਿੰਦਰ ਸਿੰਘ (ਉਮਰ 25) ਨੌਵੀਂ ਪਾਸ ਵੀ ਹੈ। ਉਹ ਡਰਾਈਵਰ ਵਜੋਂ ਕੰਮ ਕਰਦਾ ਸੀ। ਮੁਲਜ਼ਮ ਰਾਮ ਰਾਜਕ ਦੀ ਉਮਰ 18 ਸਾਲ ਹੈ, ਜੋ ਅਪਣੀ ਪੜ੍ਹਾਈ ਛੱਡ ਕੇ ਚੋਰੀਆਂ ਦੇ ਇਸ ਗਿਰੋਹ ਵਿਚ ਸ਼ਾਮਲ ਹੋ ਗਿਆ ਸੀ। ਮੁਲਜ਼ਮ ਚੰਦਨ ਜਿਸ ਦੀ ਉਮਰ 21 ਸਾਲ ਹੈ ਅਤੇ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਚੁੱਕਾ ਹੈ, ਨੇ ਵੀ ਇਨ੍ਹਾਂ ਵਿਅਕਤੀਆਂ ਨਾਲ ਮਿਲ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਸਨ। ਚੰਦਨ ਖ਼ਿਲਾਫ਼ ਸ਼ਰਾਬ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ, ਜਦਕਿ ਪਰਮਜੀਤ ਸਿੰਘ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ।
(For more Punjabi news apart from Punjab News Patiala police arrested 4 mobile thieves, stay tuned to Rozana Spokesman)