
26 ਮਾਰਚ ਤੋਂ 20 ਅਪ੍ਰੈਲ ਤਕ ਬੰਦ ਰਹਿਣਗੀਆਂ ਨਹਿਰਾਂ
ਅਬੋਹਰ : ਪੰਜਾਬ ਅਤੇ ਰਾਜਸਥਾਨ ਦੀਆਂ ਕੁਝ ਨਹਿਰਾਂ ਜ਼ਰੂਰੀ ਮੁਰੰਮਤ ਕਾਰਜ਼ਾਂ ਕਰ ਕੇ ਲਗਭਗ ਇਕ ਮਹੀਨੇ ਤਕ ਬੰਦ ਰਹਿਣਗੀਆਂ। ਇਨ੍ਹਾਂ ਨਹਿਰਾਂ 'ਚ ਇੰਦਰਾ ਗਾਂਧੀ ਨਹਿਰ ਵੀ ਸ਼ਾਮਲ ਹੈ। ਇਹ ਨਹਿਰਾਂ 26 ਮਾਰਚ ਤੋਂ 20 ਅਪ੍ਰੈਲ ਤਕ ਬੰਦ ਰਹਿਣਗੀਆਂ।
ਇੰਦਰਾ ਗਾਂਧੀ ਨਹਿਰ ਹਰੀਕੇ ਬੰਨ੍ਹ ਤੋਂ ਸ਼ੁਰੂ ਹੁੰਦੀ ਹੈ। ਕੁਝ ਕਿਲੋਮੀਟਰ ਦੂਰ ਤਕ ਸਤਲੁਜ ਅਤੇ ਬਿਆਸ ਦਰਿਆਵਾਂ ਨਾਲ ਸੰਗਮ ਮਗਰੋਂ ਰਾਜਸਥਾਨ ਦੇ ਥਾਰ ਰੇਗਿਸਤਾਨ 'ਚ ਸਿੰਜਾਈ ਅਤੇ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਂਦੀ ਹੈ। ਪੰਜਾਬ 'ਚ ਇਸ ਨਹਿਰ ਦੀ ਲੰਮਾਈ 132 ਕਿਲੋਮੀਟਰ ਹੈ ਅਤੇ ਇਸ ਨੂੰ ਰਾਜਸਥਾਨ ਫੀਡਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰਾਜਸਥਾਨ 'ਚ ਇਸ ਨਹਿਰ ਦੀ ਲੰਮਾਈ 470 ਕਿਲੋਮੀਟਰ ਹੈ। ਰਾਜਸਥਾਨ 'ਚ ਇਸ ਨੂੰ ਰਾਜ ਕੈਨਾਲ ਵੀ ਕਹਿੰਦੇ ਹਨ। ਇਸ ਨਹਿਰ ਦਾ ਪਾਣੀ ਹਨੂਮਾਨਗੜ੍ਹ, ਸ੍ਰੀਗੰਗਾਨਗਰ, ਚੁਰੂ, ਨਾਗਪੁਰ, ਜੈਸਲਮੇਰ ਅਤੇ ਜੋਧਪੁਰ ਤਕ ਜਾਂਦਾ ਹੈ।
ਵਿਜੀਲੈਂਸ ਬਿਊਰੋ ਨੇ ਜਾਂਚ ਦੌਰਾਨ ਦੱਸਿਆ ਕਿ ਪੰਜਾਬ ਨੇ ਪਿਛਲੇ ਸਾਲ ਇਸ ਨਹਿਰ ਦੀ ਮੁਹੰਮਤ ਨਹੀਂ ਕੀਤੀ ਸੀ, ਜਿਸ ਕਾਰਨ ਹਰੀਕੇ ਬੰਨ੍ਹ 'ਤੇ ਵੱਡੀ ਦਰਾਰ ਆ ਗਈ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਨਹਿਰ ਬੰਦੀ ਕੀਤੀ ਜਾਂਦੀ ਸੀ ਤਾਂ ਰਾਜਸਥਾਨ 'ਚ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਜਾਂਦਾ ਸੀ। ਇਕ ਵਾਰ ਨਹਿਰ ਬੰਦ ਹੋਣ ਤੋਂ ਪਹਿਲਾਂ ਦੀ ਪਾਣੀ ਦਾ ਭੰਡਾਰਨ ਕਰ ਲਿਆ ਗਿਆ ਹੈ।