
ਇਹ 44 ਸਾਲ ਦਾ ਇਹ ਵਿਅਕਤੀ 4 ਮਾਰਚ ਨੂੰ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨਾਲ ਭਾਰਤ ਆਇਆ ਸੀ
ਹੁਸ਼ਿਆਰਪੁਰ : ਭਾਰਤ ਵਿਚ ਜਿਥੇ ਕਰੋਨਾ ਵਾਇਰਸ ਦੇ ਕਾਰਨ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਥੇ ਹੀ ਕੁਝ ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਮਰੀਜ਼ ਕਰੋਨਾ ਵਾਇਰਸ ਨੂੰ ਹਰਾ ਕੇ ਆਪਣੇ ਘਰ ਪਰਤੇ ਰਹੇ ਹਨ। ਅਜਿਹਾ ਹੀ ਅੱਜ ਇਕ ਮਾਮਲਾ ਪੰਜਾਬ ਵਿਚ ਵੀ ਦੇਖਣ ਨੂੰ ਮਿਲਿਆ। ਜਿਥੇ ਪੰਜਾਬ ਵਿਚ ਸਭ ਤੋਂ ਪਹਿਲਾਂ ਪੌਜਟਿਵ ਆਉਣ ਵਾਲਾ ਮਰੀਜ਼ ਇਲਾਜ਼ ਕਰਵਾਉਣ ਤੋਂ ਬਾਅਦ ਠੀਕ ਹੋ ਕੇ ਅੱਜ ਆਪਣੇ ਪਿੰਡ ਖਨੂਰ ਪੁੱਜਾ ਹੈ। ਦੱਸ ਦੱਈਏ ਕਿ ਇਹ 44 ਸਾਲ ਦਾ ਵਿਅਕਤੀ 4 ਮਾਰਚ ਨੂੰ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨਾਲ ਭਾਰਤ ਆਇਆ ਸੀ । ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਵਿਦੇਸ਼ ਤੋਂ ਪਰਤੇ ਹੋਣ ਕਾਰਨ ਏਅਰਪੋਰਟ ਤੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਟੈਸਟ ਲਏ ਗਏ ਸਨ ਪਰ ਜਦਕਿ ਸਬੰਧਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਅਤੇ ਅੰਮ੍ਰਿਤਸਰ ਏਅਰ ਪੋਰਟ ਤੋਂ ਕਲੀਨ ਚਿਟ ਦੇ ਦਿੱਤੀ ਗਈ ਸੀ।
punjab coronavirus
ਪਰ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਦੀ ਖਾਤਰ ਆਪ ਡਾਕਟਰ ਨੂੰ ਟੈਸਟ ਲੈਣ ਲਈ ਕਿਹਾ ਸੀ ਜਦਕਿ ਉਸ ਵਿਚ ਇਸ ਵਾਇਰਸ ਦੇ ਕੋਈ ਖਾਸ ਲੱਛਣ ਵੀ ਨਹੀਂ ਦਿਸ ਰਹੇ ਸਨ। ਪਰ ਜਦੋਂ ਉਨ੍ਹਾਂ ਦੇ ਟੈਸਟ ਲਏ ਗਏ ਤਾਂ ਉਸ ਨੂੰ ਛੱਡ ਕੇ ਉਸ ਦੇ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਟੈਸਟ ਨੈਗਟਿਵ ਆਏ ਸਨ ਪਰ ਉਸ ਦਾ ਟੈਸਟ ਪੌਜਟਿਵ ਆ ਗਿਆ ਸੀ। ਜਿਸ ਕਾਰਨ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਇਕਾਂਤਵਸ ਵਿਚ ਰੱਖਿਆ ਗਿਆ ਸੀ । ਉਕਤ ਵਿਅਕਤੀ ਨੇ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਦੀ ਵਧੀਆ ਦੇਖਰੇਖ, ਵਧੀਆਂ ਖੁਰਾਕ ਅਤੇ ਦ੍ਰਿੜ ਵਿਸ਼ਵਾਸ ਦੇ ਕਾਰਨ ਉਹ ਅੱਡ ਠੀਕ ਹੋਇਆ ਹੈ। ਇਸ ਬਾਰੇ ਖੁਲ ਕੇ ਗੱਲ ਕਰਦਿਆ ਉਸ ਨੇ ਦੱਸਿਆ ਕਿ ਡਾਕਟਰਾਂ ਤੋਂ ਲੈ ਕੇ ਦਰਜ਼ਾ ਚਾਰ ਕਰਮਚਾਰੀਆਂ ਤੱਕ ਨੇ ਉਸ ਦੇ ਠੀਕ ਹੋਣ ਵਿਚ ਪੂਰੀ ਮਦਦ ਕੀਤੀ ਹੈ।
coronavirus cases
ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਇਕਾਂਤਵਸ ਰਹਿ ਕੇ ਅਤੇ ਸਿਹਤ ਮਾਹਰਾਂ ਦੀਆਂ ਗੱਲਾਂ ਤੇ ਅਮਲ ਕਰਕੇ ਇਸ ਵਾਇਰਸ ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਪੂਰੇ ਦੇਸ਼ ਵਿਚ ਇਸ ਵਾਇਰਸ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ 800 ਤੋਂ ਜ਼ਿਆਦਾ ਲੋਕ ਅਜਿਹੇ ਹਨ ਜਿਹੜੇ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਉਥੇ ਹੀ ਇਹ ਵੀ ਦੱਸ ਦੱਈਏ ਕਿ ਪੂਰੇ ਦੇਸ਼ ਵਿਚ 67 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਹਰਾ ਕਿ ਹਸਪਤਾਲ ਵਿਚੋਂ ਆਪਣੇ ਘਰ ਪਰਤ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।