
ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 53 ਫ਼ੀ ਸਦੀ ਤੋਂ ਵੱਧ ਕੇ 55 ਫ਼ੀ ਸਦੀ ਹੋ ਜਾਵੇਗਾ
ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਅਪਣੀ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿਤਾ ਹੈ। ਸਰਕਾਰ ਵਲੋਂ ਮਹਿੰਗਾਈ ਭੱਤੇ ’ਚ 2 ਫ਼ੀ ਸਦੀ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਇਸ ਸਾਲ 1 ਜਨਵਰੀ ਤੋਂ ਲਾਗੂ ਹੋਵੇਗਾ। ਇਸ ਨਾਲ ਕਰੀਬ 1.15 ਕਰੋੜ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਲਾਭ ਹੋਵੇਗਾ। ਕੈਬਨਿਟ ਦੀ ਬੈਠਕ ਮਗਰੋਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਕੇਂਦਰੀ ਕੈਬਨਿਟ ਨੇ 1 ਜਨਵਰੀ 2025 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਅਤੇ ਪੈਨਸ਼ਨਾਂ ਨੂੰ ਮਹਿੰਗਾਈ ਰਾਹਤ ਇਕ ਵਾਧੂ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿਤੀ ਹੈ।
ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਕੇਂਦਰੀ ਕਰਮਚਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਹੁਣ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 53 ਫ਼ੀ ਸਦੀ ਤੋਂ ਵੱਧ ਕੇ 55 ਫ਼ੀ ਸਦੀ ਹੋ ਜਾਵੇਗਾ। ਇਸ਼ ਦਾ ਮਕਸਦ ਮਹਿੰਗਾਈ ਤੋਂ ਕਰਮਚਾਰੀਆਂ ਨੂੰ ਰਾਹਤ ਦੇਣਾ ਹੈ। ਡੀ.ਏ ਅਤੇ ਡੀ.ਆਰ ਦੋਹਾਂ ਵਿਚ ਵਾਧੇ ਨਾਲ ਸਰਕਾਰੀ ਖ਼ਜ਼ਾਨੇ ’ਤੇ ਸਾਲਾਨਾ 6,614.04 ਕਰੋੜ ਰੁਪਏ ਦਾ ਅਸਰ ਹੋਵੇਗਾ।