
ਕੁਲ ਟੀਚਾ 135 ਲੱਖ ਟਨ, ਖ਼ਰੀਦ ਹੋਈ 56 ਲੱਖ ਟਨ
ਚੰਡੀਗੜ੍ਹ, 27 ਅਪ੍ਰੈਲ (ਜੀ.ਸੀ. ਭਾਰਦਵਾਜ) : ਕੇਂਦਰੀ ਭੰਡਾਰ ਵਾਸਤੇ ਸੱਭ ਤੋਂ ਵਧ ਅਨਾਜ ਖ਼ਰੀਦ ਦਾ ਹਿੱਸਾ ਪਾਉਣ ਵਾਲੇ ਪੰਜਾਬ ਦੇ 4 ਹਜ਼ਾਰ ਖ਼ਰੀਦ ਕੇਂਦਰਾਂ 'ਚੋਂ ਅੱਜ ਸ਼ਾਮ 6 ਵਜੇ ਤਕ ਅਪਣੇ ਟੀਚੇ 135 ਲੱਖ ਟਨ ਦੀ ਪੂਰਤੀ ਲਈ 56 ਲੱਖ ਟਨ ਕਣਕ ਦੀ ਖ਼ਰੀਦ ਹੋ ਗਈ ਸੀ। ਇਹ ਖ਼ਰੀਦ ਲਗਭਗ ਅੱਧ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਜੇ ਮੌਸਮ ਗਰਮ ਰਿਹਾ ਤਾਂ ਖ਼ਰੀਦ ਦਾ ਨਬੇੜਾ 15-20 ਮਈ ਤਕ ਹੋ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਸਮੇਤ ਕੇਂਦਰੀ ਏਜੰਸੀ ਐਫ਼.ਸੀ.ਆਈ. 'ਤੇ ਨਜ਼ਰ ਰੱਖਣ ਵਾਲੀ ਅਧਿਕਾਰੀ, ਅਨਾਜ ਸਪਲਾਈ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਰੋਜ਼ਾਨਾ 6 ਲੱਖ ਟਨ ਤੋਂ ਵਧ ਕਣਕ ਮੰਡੀਆਂ 'ਚ ਲਿਆਉਣ ਲਈ ਹੀ ਕਿਸਾਨਾਂ ਨੂੰ ਟੋਕਨ ਪਾਸ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦਸਿਆ ਹੁਣ ਤਕ ਦੀ ਖ਼ਰੀਦੀ ਕਣਕ ਦਾ ਸੱਭ ਤੋਂ ਵਧ 29 ਫ਼ੀ ਸਦੀ, ਪਨਗ੍ਰੇਨ ਨੇ ਖ਼ਰੀਦੀ, ਮਾਰਕਫ਼ੈੱਡ ਨੇ 24.4, ਪਨਸਪ 22.3, ਵੇਅਰਹਾਊਸਿੰਗ ਨੇ 14.4 ਜਦਕਿ ਐਫ਼.ਸੀ.ਆਈ. ਨੇ ਸੱਭ ਤੋਂ ਘੱਟ 9.8 ਫ਼ੀ ਸਦੀ ਖ਼ਰੀਦ ਕੀਤੀ।
ਅਨੰਦਿਤਾ ਮਿੱਤਰਾ ਨੇ ਦਸਿਆ ਕਿ ਕਿਸਾਨਾਂ ਤੇ ਆੜ੍ਹਤੀਆਂ ਰਾਹੀਂ ਹੁਣ ਤਕ 2818 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਫ਼ਸਲ ਵੇਚ ਦੀ ਰਕਮ 48 ਤੋਂ 72 ਘੰਟੇ ਦੇ ਵਿਚ-ਵਿਚ ਹੋ ਰਹੀ ਹੈ। ਕਣਕ ਦੇ ਦਾਣਿਆਂ 'ਚ ਸਿੱਲ੍ਹ, ਸਾਫ਼-ਸਫ਼ਾਈ ਨਾ ਹੋਣ, ਟੋਕਨ ਪਾਸ ਦੀ ਸਮੱਸਿਆ, ਮੰਡੀਆਂ 'ਚ ਭੀੜ ਘੱਟ ਕਰਨ, ਖ਼ਰੀਦ 'ਚ ਸੁਸਤੀ ਤੇ ਪੱਖਪਾਤ ਲੇਬਰ ਦੀ ਘਾਟ, ਉਤੋਂ ਬੇਮੌਸਮੀ ਬਾਰਸ਼ ਅਤੇ ਕਿਸਾਨ ਜਥੇਬੰਦੀਆਂ ਵਲੋਂ ਕੀਤੀਆਂ ਸ਼ਿਕਾਇਤਾਂ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਅਨਾਜ ਸਪਲਾਈ ਡਾਇਰੈਕਟਰ ਨੇ ਦਸਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਤੈਨਾਤ ਕਰਮਚਾਰੀ, ਅਧਿਕਾਰੀ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਏਜੰਸੀਆਂ ਦੇ ਮੈਨੇਜਰ ਤੇ ਸੀਨੀਅਰ ਸਕੱਤਰ ਤੇ ਵਿਸ਼ੇ²ਸ਼ ਸਕੱਤਰ, ਮੰਡੀਆਂ 'ਚ ਦਿਨ-ਰਾਤ ਨਿਗਰਾਨੀ ਕਰ ਰਹੇ ਹਨ ਤੇ ਮੌਕੇ 'ਤੇ ਮੁਸ਼ਕਲਾਂ ਦਾ ਹੱਲ ਕਰੀ ਜਾਂਦੇ ਹਨ।