ਤਬਲਾ ਵਾਦਨ ਨਾਲ ‘ਰਬਾਬ ਸਿੰਘ’ ਦਾ ਮੋਹ ਉਸ ਨੂੰ ਬਣਾ ਰਿਹਾ ਹੈ ਹੋਰਨਾਂ ਬੱਚਿਆਂ ਤੋਂ ਵਿਲੱਖਣ
ਐਮਾਜ਼ੋਨ, ਫ਼ਲਿਪਕਾਰਟ ਸਮੇਤ ਕਈ ਕੰਪਨੀਆਂ ਨੇ ਕੀਤੀ ਪੋਰਟਫ਼ੋਲੀਉ ਲਈ ਰਬਾਬ ਸਿੰਘ ਦੀ ਚੋਣ
ਲੁਧਿਆਣਾ (ਰਾਜਵਿੰਦਰ ਸਿੰਘ, ਕੋਮਲਜੀਤ ਕੌਰ) : ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਬਚਪਨ ਤੋਂ ਹੁੰਦੀ ਹੈ ਅਤੇ ਇਸ ਅਵਸਥਾ ਦੀ ਢੁਕਵੀਂ ਵਰਤੋਂ ਬੱਚੇ ਦੇ ਅਕਸ ਨੂੰ ਨਿਖ਼ਾਰਨ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ। ਬੇਸ਼ੱਕ, ਮਾਪੇ ਅਪਣੇ ਬੱਚਿਆਂ ਦੇ ਜੀਵਨ ਸਫ਼ਰ ਦਾ ਮੁੱਢ ਬੰਨ੍ਹਣ ਲਈ ਜ਼ਿੰਮੇਵਾਰ ਹੁੰਦੇ ਹਨ। ਬੱਚੇ ਨੂੰ ਘਰ ਵਿਚ ਜਿਵੇਂ ਦਾ ਮਾਹੌਲ ਸਿਰਜ ਕੇ ਦਿਤਾ ਜਾਂਦਾ ਹੈ, ਉਸ ਦੀ ਸ਼ਖ਼ਸੀਅਤ ਉਸੇ ਤਰ੍ਹਾਂ ਦੀ ਹੀ ਬਣ ਜਾਂਦੀ ਹੈ। ਲੁਧਿਆਣਾ ਦੇ ਰਬਾਬ ਸਿੰਘ ਇਸ ਦੀ ਤਾਜ਼ਾ ਮਿਸਾਲ ਹਨ। ਰਬਾਬ ਸਿੰਘ ਦੀ ਉਮਰ ਛੇ ਸਾਲ ਹੈ ਅਤੇ ਉਹ ਸੰਪੂਰਨ ਰੂਪ ਵਿਚ ਤਬਲਾ ਵਜਾਉਂਦੇ ਹਨ। ਅਪਣੇ ਪੁੱਤਰ ਦੇ ਇਸ ਹੁਨਰ ਬਾਰੇ ਗੱਲ ਕਰਦਿਆਂ ਰਬਾਬ ਸਿੰਘ ਦੇ ਮਾਤਾ ਨੇ ਦਸਿਆ ਕਿ ਜਨਮ ਤੋਂ ਹੋ ਉਨ੍ਹਾਂ ਦੇ ਪੁੱਤਰ ਦਾ ਝੁਕਾਅ ਗੁਰਬਾਣੀ ਵਲ ਸੀ। ਰਬਾਬ ਸਿੰਘ ਮਹਿਜ਼ 6 ਮਹੀਨੇ ਦੇ ਸਨ ਜਦੋਂ ਉਨ੍ਹਾਂ ਤਬਲਾ ਵਜਾਉਣਾ ਸ਼ੁਰੂ ਕੀਤਾ। ਰਬਾਬ ਸਿੰਘ ਵਿਸ਼ਵ ਮਾਡਲ ਸਕੂਲ ਵਿਚ ਪੜ੍ਹਦਾ ਹੈ।
ਭਾਵੇਂ ਕਿ ਰਬਾਬ ਸਿੰਘ ਨੇ ਅਜੇ ਸਾਫ਼ ਬੋਲਣਾ ਨਹੀਂ ਸਿਖਿਆ ਪਰ ਜਿਸ ਸਪੱਸ਼ਟਤਾ ਅਤੇ ਸੰਪੂਰਨਤਾ ਨਾਲ ਰਬਾਬ ਸਿੰਘ ਤਬਲਾ ਵਜਾਉਂਦਾ ਹੈ ਉਸ ਤੋਂ ਇਸ ਨਿੱਕੇ ਸਿੰਘ ਦੀ ਉਮਰ ਦਾ ਕਿਆਸ ਨਹੀਂ ਲਗਾਇਆ ਜਾ ਸਕਦਾ। ਉਮਰ ਭਾਵੇਂ ਹੀ ਛੋਟੀ ਹੈ ਪਰ ਰਬਾਬ ਸਿੰਘ ਦਾ ਗੁਰਬਾਣੀ ਪ੍ਰੇਮ ਅਤੇ ਅਪਣੇ ਨਿੱਕੇ-ਨਿੱਕੇ ਹੱਥਾਂ ਨਾਲ ਤਬਲਾ ਵਾਦਨ ਉਸ ਨੂੰ ਵੱਡਿਆਂ ਦੀ ਕਤਾਰ ਵਿਚ ਖੜਾ ਕਰ ਦਿੰਦਾ ਹੈ। ਇਸ ਤੋਂ ਇਲਾਵਾ ਰਬਾਬ ਸਿੰਘ ਗਤਕਾ ਵੀ ਖੇਡਦਾ ਹੈ ਅਤੇ ਕਈ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਨਾਮ ਵੀ ਜਿੱਤ ਚੁੱਕਾ ਹੈ।
ਸਪੋਕਸਮੈਨ ਦੀ ਟੀਮ ਨਾਲ ਗੱਲ ਕਰਦਿਆਂ ਰਬਾਬ ਸਿੰਘ ਨੇ ਦਸਿਆ ਕਿ ਉਸ ਨੂੰ ਤਬਲਾ ਵਜਾਉਣ ਦਾ ਸ਼ੌਕ ਅਪਣੇ ਨਾਨਾ ਜੀ ਤੋਂ ਪਿਆ ਹੈ ਜੋ ਕਰੀਬ 30 ਸਾਲ ਤੋਂ ਪੇਸ਼ੇਵਰ ਤਬਲਾ ਵਜਾਉਂਦੇ ਹਨ। ਬਚਪਨ ਵਿਚ ਉਨ੍ਹਾਂ ਨੂੰ ਤਬਲਾ ਵਜਾਉਂਦਿਆਂ ਦੇਖਦਾ ਤਾਂ ਉਸ ਨੇ ਆਪ-ਮੁਹਾਰੇ ਹੀ ਤਬਲਾ ਵਜਾਉਣਾ ਸ਼ੁਰੂ ਕਰ ਦਿਤਾ। ਤਬਲਾ ਵਾਦਨ ਦੀ ਇਸ ਕਲਾ ਨਾਲ ਰਬਾਬ ਸਿੰਘ ਦਾ ਮੋਹ ਉਸ ਨੂੰ ਹੋਰਨਾਂ ਬੱਚਿਆਂ ਤੋਂ ਵਿਲੱਖਣ ਬਣਾ ਰਿਹਾ ਹੈ।
ਇਹ ਵੀ ਪੜ੍ਹੋ: ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਉਦਮ ਸਦਕਾ ਟੈਲੀਫ਼ੋਨ ਤੋਂ ਮੋਬਾਈਲ ਫ਼ੋਨ ਤਕ ਦਾ ਸਫ਼ਰ
ਦਸਣਯੋਗ ਹੈ ਕਿ ਰਬਾਬ ਸਿੰਘ ਨੇ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਨਾਲ-ਨਾਲ ਹੋਰ ਵੀ ਕਈ ਗੁਰੂ ਘਰਾਂ ਵਿਚ ਤਬਲਾ ਵਾਦਨ ਕੀਤਾ ਹੈ ਅਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਹਨ। ਰਬਾਬ ਸਿੰਘ ਦੇ ਮਾਤਾ ਜੀ ਨੇ ਦਸਿਆ ਕਿ ਜਦੋਂ ਰਬਾਬ ਸਿੰਘ ਨੂੰ ਸ੍ਰੀ ਹਜੂਰ ਸਾਹਿਬ ਵਿਖੇ ਤਬਲਾ ਵਜਾਉਣ ਦਾ ਮੌਕਾ ਮਿਲਿਆ ਤਾਂ ਉਸ ਵਕਤ ਇਸ ਦੀ ਉਮਰ ਮਹਿਜ਼ ਚਾਰ ਸਾਲ ਸੀ। ਰਬਾਬ ਸਿੰਘ ਰੋਜ਼ਾਨਾ ਡੇਢ ਘੰਟਾ ਗੁਰੂ ਘਰ ਜਾ ਕੇ ਤਬਲੇ ਦਾ ਅਭਿਆਸ ਕਰਦਾ ਹੈ।
ਪ੍ਰਵਾਰ ਨੇ ਦਸਿਆ ਕਿ ਰਬਾਬ ਸਿੰਘ ਨੂੰ ਐਮਾਜ਼ੋਨ, ਫ਼ਲਿਪਕਾਰਟ, ਹਾਪਸਕਾਚ ਅਤੇ ਫ਼ਸਟਕ੍ਰਾਈ ਆਦਿ ਕੰਪਨੀਆਂ ਵਲੋਂ ਪੋਰਟਫ਼ੋਲੀਉ ਲਈ ਚੁਣਿਆ ਗਿਆ ਹੈ। ਰਬਾਬ ਸਿੰਘ ਦੀ ਚੋਣ ਕਰੀਬ 250 ਬੱਚਿਆਂ ਵਿਚੋਂ ਹੋਈ ਹੈ। ਰਬਾਬ ਦੇ ਮਾਤਾ ਅਪਣੇ ਪੁੱਤਰ ਨੂੰ ਚੰਗਾ ਡਾਕਟਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰਬਾਬ ਸਿੰਘ ਨੂੰ ਇਸੇ ਤਰ੍ਹਾਂ ਤਬਲੇ ਦੀ ਸੇਵਾ ਕਰਦਾ ਵੀ ਦੇਖਣਾ ਚਾਹੁੰਦੇ ਹਨ ਜਿਸ ਲਈ ਉਹ ਬੱਚੇ ਨੂੰ ਹਰ ਉਹ ਮੌਕਾ ਪ੍ਰਦਾਨ ਕਰ ਰਹੇ ਹਨ ਜਿਸ ਨਾਲ ਰਬਾਬ ਸਿੰਘ ਦੀ ਗੁਰਬਾਣੀ ਅਤੇ ਤਬਲੇ ਨਾਲ ਸਾਂਝ ਬਣੀ ਰਹੇ।