
ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ : ਜਗਸੀਰ ਸਿੰਘ
Gurmeet Ram Rahim : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਰਚਿਤ ਰਣਜੀਤ ਸਿੰਘ ਕਤਲ ਮਾਮਲੇ ’ਚ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਨੂੰ ਦੋਸ਼ ਮੁਕਤ ਕਰਾਰ ਦੇ ਦਿਤਾ ਹੈ। ਇਸ ਨੂੰ ਲੈ ਕੇ ਅੱਜ ‘ਰੋਜ਼ਾਨਾ ਸਪੋਕਸਮੈਨ’ ਦੇ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਨੇ ਮਰਹੂਮ ਰਣਜੀਤ ਸਿੰਘ ਦੇ ਬੇਟੇ ਜਗਸੀਰ ਸਿੰਘ ਨਾਲ ਗੱਲਬਾਤ ਕੀਤੀ। ਜਗਸੀਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ’ਚ ਜਾਣ ਦੀ ਗੱਲ ਕਹੀ ਹੈ।
ਪਰਵਾਰ ਕੀ ਮਹਿਸੂਸ ਕਰ ਰਿਹਾ ਅਤੇ ਅੱਗੇ ਬਾਰੇ ਕੀ ਸੋਚ ਵਿਚਾਰ ਕਰ ਰਿਹਾ ਹੈ, ਦੇ ਸਵਾਲ ’ਤੇ ਜਗਸੀਰ ਸਿੰਘ ਨੇ ਕਿਹਾ, ‘‘ਜਿਵੇਂ ਸੌਦਾ ਸਾਧ ਕੋਲ ਮਾਣਯੋਗ ਹਾਈਕੋਰਟ ’ਚ ਅਪੀਲ ਕਰਨ ਦਾ ਹੱਕ ਸੀ, ਓਸੇ ਤਰ੍ਹਾਂ ਸਾਡੇ ਕੋਲ ਵੀ ਉਪਰਲੀ ਅਦਾਲਤ ’ਚ ਅਪੀਲ ਕਰਨ ਦਾ ਹੱਕ ਹੈ। ਅਸੀਂ ਹਾਈ ਕੋਰਟ ਦੇ ਫ਼ੈਸਲੇ ਤੋਂ ਅਸੰਤੁਸਟ ਹਾਂ ਅਤੇ ਅਸੀਂ ਸੁਪਰੀਮ ਕੋਰਟ ਜਾਵਾਂਗੇ। ਇਸ ਨੂੰ ਲੈ ਕੇ ਲੜਾਈ ਲੜਾਂਗੇ।’’
ਇਸ ਮਾਮਲੇ ’ਚ ਸਬੂਤਾਂ ਦੀ ਕੋਈ ਘਾਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਇਸ ਤੋਂ ਪਹਿਲਾਂ ਵੀ ਅਸੀਂ ਅਪਣੇ ਹੱਕ ਦੇ ਲਈ 19 ਸਾਲ ਤਕ ਸੰਘਰਸ਼ ਕੀਤਾ ਸੀ, ਅੱਗੇ ਵੀ ਅਪਣੇ ਹੱਕ ਦੇ ਲਈ ਲੜਾਈ ਲੜਾਂਗੇ।’’ਬਾਕੀ ਮਾਮਲਿਆਂ ’ਚ ਬਰੀ ਹੋਣ ਦੀ ਹਾਲਤ ’ਚ ਪੀੜਤ ਪਰਵਾਰ ਨੂੰ ਕਿਸੇ ਤਰੀਕੇ ਦੇ ਕੋਈ ਡਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਨਾ ਹੀ ਅਸੀਂ ਪਹਿਲਾਂ ਇਨ੍ਹਾਂ ਦੇ ਗੁੰਡਿਆਂ ਦੀਆਂ ਗਿੱਦੜ ਧਮਕੀਆਂ ਤੋਂ ਡਰੇ ਹਾਂ ਅਤੇ ਨਾ ਹੀ ਹੁਣ ਡਰਾਂਗੇ।’’
ਦੱਸ ਦੇਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਸੌਦਾ ਸਾਧ ਨੂੰ 22 ਸਾਲ ਪੁਰਾਣੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਕੇਸ ’ਚੋਂ ਬਰੀ ਕਰ ਦਿਤਾ ਹੈ। ਹਾਈ ਕੋਰਟ ਨੇ ਗੁਰਮੀਤ ਰਾਮ ਰਹੀਮ ਸਣੇ ਪੰਜ ਹੋਰ ਜਣਿਆਂ ਨੂੰ ਬਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਦਾ ਕਤਲ 10 ਜੁਲਾਈ 2002 ਨੂੰ ਹੋਇਆ ਸੀ। ਉਹ ਡੇਰੇ ਦਾ ਪ੍ਰਬੰਧਕ ਸੀ ਅਤੇ ਇਸ ਮਾਮਲੇ ’ਚ ਸੀ.ਬੀ.ਆਈ. ਦੀ ਅਦਾਲਤ ਨੇ 18 ਅਕਤੂਬਰ 2021 ਨੂੰ ਸੌਦਾ ਸਾਧ ਸਣੇ 5 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਸੀ। ਹੁਣ ਹਾਈ ਕੋਰਟ ਨੇ ਇਸੇ ਫੈਸਲੇ ਨੂੰ ਪਲਟਦਿਆਂ ਹੁਣ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿਤਾ ਹੈ।
ਦਸੰਬਰ 2021 ’ਚ ਡੇਰਾ ਮੁਖੀ ਨੇ ਅਪਣੀ ਸਜ਼ਾ ਦੇ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ’ਚ ਅਪੀਲ ਕੀਤੀ ਸੀ। ਇਸ ਕੇਸ ’ਚ ਸੌਦਾ ਸਾਧ ਦੇ ਨਾਲ ਕ੍ਰਿਸ਼ਨ ਲਾਲ, ਅਵਤਾਰ ਸਿੰਘ, ਸਬਦਿਲ ਸਿੰਘ, ਅਤੇ ਜਸਵੀਰ ਸਿੰਘ ਨੂੰ ਵੀ ਸਜ਼ਾ ਹੋਈ ਸੀ।