
ਸਰਕਾਰ ਵਲੋਂ ਪੀਣ ਵਾਲੇ ਪਾਣੀ ਦੀ ਵਰਤੋ ਸੋਚ-ਸਮਝ ਕੇ ਕਰਨ ਦੇ ਨਿਰਦੇਸ਼
ਚੰਡੀਗੜ੍ਹ: ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁਧ ਪੰਜਾਬ ਸਰਕਾਰ ਨੇ ਸਖ਼ਤ ਰੁਖ਼ ਅਖ਼ਤਿਆਰ ਲਿਆ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਨੇ ਸਖ਼ਤ ਨਿਰਦੇਸ਼ ਜਾਰੀ ਕਰ ਦਿਤੇ ਹਨ। ਨਿਰਦੇਸ਼ਾਂ ਮੁਤਾਬਕ ਪੰਜਾਬ ਭਰ ਦੇ ਸ਼ਹਿਰਾਂ ਵਿਚ ਸਿੱਧਾ ਪਾਈਪ ਲਗਾ ਕੇ ਗੱਡੀਆਂ ਜਾਂ ਫ਼ਰਸ਼ ਧੋਣ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਪਹਿਲੀ ਵਾਰ ਉਲੰਘਣਾ ਕਰਨ ’ਤੇ ਇਕ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇਗਾ।
Govt. Notice
ਦੂਜੀ ਵਾਰ ਉਲੰਘਣਾ ਕਰਨ ’ਤੇ 2 ਹਜ਼ਾਰ ਰੁਪਏ ਤੇ ਤੀਜੀ ਵਾਰ ਉਲੰਘਣਾ ਕਰਨ ’ਤੇ ਪਾਣੀ ਦਾ ਕੁਨੈਕਸ਼ਨ ਹੀ ਕੱਟ ਦਿਤਾ ਜਾਵੇਗਾ ਤੇ 5 ਹਜ਼ਾਰ ਜੁਰਮਾਨਾ ਵਸੂਲ ਕਰਨ ਤੋਂ ਬਾਅਦ ਮੁੜ ਕੁਨੈਕਸ਼ਨ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਬੂਟਿਆਂ ਤੇ ਬਗੀਚਿਆਂ ਵਿਚ ਪਾਈਪ ਲਗਾ ਕੇ ਸਿਰਫ਼ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਪਾਣੀ ਲਾਇਆ ਜਾ ਸਕੇਗਾ। ਇਸ ਦੀ ਉਲੰਘਣਾ ’ਤੇ ਵੀ ਉਕਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਹਰ ਪੰਦਰਵਾੜੇ ਮਹਿਕਮੇ ਨੂੰ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ।
Govt. Issue notice to prevent drinking water wastage
ਸਥਾਨਕ ਸਰਕਾਰਾਂ ਵਿਭਾਗ ਨੇ ਪਾਣੀ ਦੀ ਵਧਦੀ ਸਮੱਸਿਆ ਨੂੰ ਵੇਖਦੇ ਹੋਏ ਕਿਹਾ ਹੈ ਕਿ ਪੀਣ ਵਾਲੇ ਪਾਣੀ ਨੂੰ ਧਿਆਨ ਨਾਲ ਵਰਤਿਆ ਜਾਵੇ ਤੇ ਇਸ ਸਬੰਧੀ ਹੋਰਾਂ ਨੂੰ ਵੀ ਸਮਝਾਇਆ ਜਾਵੇ। ਪੀਣ ਵਾਲੇ ਪਾਣੀ ਨੂੰ ਸੰਜਮ ਨਾਲ ਵਰਤਿਆ ਜਾਵੇ ਤਾਂ ਜੋ ਭਵਿੱਖ ਵਿਚ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।