
ਬਲਾਕ ਬਸੀ ਪਠਾਣਾ ਤੇ ਅਮਲੋਹ ਦੇ 400 ਹੈਕਟੇਅਰ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਲਿਆਂਦਾ ਜਾਵੇਗਾ ਮੱਕੀ ਹੇਠ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਊਣੀ ਦੌਰਾਨ ਫਸਲੀ ਵਿਭਿੰਨਤਾ ਪ੍ਰੋਗਰਾਮ ਅਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਲਗਾਈਆਂ ਜਾਣ ਵਾਲੀਆਂ ਕਲਸਟਰ ਪ੍ਰਦਰਸ਼ਨੀਆਂ ਲਈ ਬੀਜੀਆਂ ਜਾਣ ਵਾਲੀਆਂ ਮੱਕੀ ਦੀਆਂ ਵਧੀਆ ਕਿਸਮਾਂ ਦਾ ਬੀਜ ਬਲਾਕ ਦੇ ਖੇਤੀਬਾੜੀ ਦਫ਼ਤਰਾਂ ਅਤੇ ਕੰਪਨੀ ਦੇ ਨਾਮਜ਼ਦ ਡੀਲਰਾਂ ਕੋਲ ਪਹੁੰਚ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੱਕੀ ਦਾ ਬੀਜ ਜਿਸ ਦਾ ਘੱਟ ਤੋਂ ਘੱਟ ਮੁੱਲ 180 ਰੁਪਏ ਪ੍ਰਤੀ ਕਿਲੋ ਅਤੇ ਵੱਧ ਤੋਂ ਵੱਧ 350 ਰੁਪਏ ਪ੍ਰਤੀ ਕਿਲੋ ਹੈ ਉਸ ਦੀ ਖਰੀਦ 'ਤੇ ਕਿਸਾਨਾਂ ਨੂੰ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।
Corn Crop
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਇੱਕ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਫਸਲ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਬੀਜ ਅਤੇ ਹੋਰ ਇਨਪੁੱਟਸ ਖਰੀਦਣ ਲਈ 5000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਰਾਬਤਾ ਕਾਇਮ ਕਰ ਕੇ ਵੱਧ ਤੋਂ ਵੱਧ 5 ਏਕੜ ਰਕਬੇ ਤੱਕ ਦਾ ਬੀਜ਼ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੱਕੀ ਅਤੇ ਮੱਕੀ ਚਾਰੇ ਹੇਠ ਲਗਭਗ 1200 ਹੈਕਟੇਅਰ ਰਕਬੇ ਦੀ ਬਿਜਾਈ ਹੋ ਚੁੱਕੀ ਹੈ।
Corn Crop
ਡਾ. ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਝਾੜ ਲੈਣ ਲਈ ਮੱਕੀ ਨੂੰ ਵੱਟਾਂ (ਬੈਡਜ਼) ਉਤੇ ਬੀਜਣ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਮੱਕੀ ਤੋਂ ਪਹਿਲਾਂ ਹਾੜੀ ਦੀ ਫਸਲ ਲਈ ਸਿਫਾਰਸ਼ ਕੀਤੀ ਗਈ ਮਾਤਰਾ ਵਿੱਚ ਫਾਸਫੋਰਸ ਤੱਤ (ਡੀ.ਏ.ਪੀ.) ਪਾਇਆ ਹੈ ਤਾਂ ਮੱਕੀ ਦੀ ਫਸਲ ਵਿੱਚ ਇਹ ਤੱਤ ਪਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਨੈਸ਼ਨਲ ਅਡਾਪਟੇਸ਼ਨ ਫਾਰ ਕਲਾਈਮੇਟ ਚੇਂਜ ਸਕੀਮ ਅਧੀਨ ਬਲਾਕ ਅਮਲੋਹ ਅਤੇ ਬਸੀ ਪਠਾਣਾ ਦੇ 200-200 ਹੈਕਟੇਅਰ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਮੱਕੀ ਅਧੀਨ ਲਿਆਂਦਾ ਜਾਵੇਗਾ ਅਤੇ ਸਕੀਮ ਅਪਣਾਉਣ ਵਾਲੇ ਕਿਸਾਨਾਂ ਨੂੰ 23 ਹਜ਼ਾਰ 500 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇਗੀ।
Paddy
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੱਕੀ ਦੀ ਬਿਜਾਈ ਦਾ ਸਮਾਂ 15 ਜੂਨ ਤੋਂ 30 ਜੂਨ ਤੱਕ ਹੈ, ਇਸ ਤੋਂ ਬਾਅਦ ਬਾਰਿਸ਼ਾਂ ਕਾਰਨ ਮੱਕੀ ਦੀ ਬਿਜਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਕਿਸਾਨ 30 ਜੂਨ ਤੋਂ ਪਹਿਲਾਂ-ਪਹਿਲਾਂ ਮੱਕੀ ਦਾ ਬੀਜ ਪ੍ਰਾਪਤ ਕਰਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਝੋਨੇ ਦੀ ਥਾਂ 'ਤੇ ਮੱਕੀ ਲਗਾਓ ਅਤੇ ਪਾਣੀ ਬਚਾਓ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਡਾ. ਦਲਜੀਤ ਸਿੰਘ ਖੇਤੀਬਾੜੀ ਅਫਸਰ ਸਰਹਿੰਦ ਨੇ ਪਿੰਡ ਤਰਖਾਣ ਮਾਜਰਾ ਅਤੇ ਸਾਨੀਪੁਰ ਦੇ ਅਗਾਂਹਵਧੂ ਕਿਸਾਨ ਅਜੈਬ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਜਸਵੰਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਮੱਕੀ ਦੀ ਕਾਸ਼ਤ ਲਈ ਉਤਸ਼ਾਹਤ ਕੀਤਾ ਅਤੇ ਉਨ੍ਹਾਂ ਨੂੰ ਸਬਸਿਡੀ 'ਤੇ ਬੀਜ ਵੰਡਿਆ।