
ਬਾਘਾਪੁਰਾਣਾ ਦੇ ਸਤਵੰਤ ਸਿੰਘ ਅਤੇ ਸੁਖਦੇਵ ਕੌਰ ਦੀ ਵੀ ਸੁਣ ਲਉ
ਕੋਟਕਪੂਰਾ (ਗੁਰਿੰਦਰ ਸਿੰਘ) : ਮੋਗਾ ਜ਼ਿਲ੍ਹਾ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ਦੇ ਵਸਨੀਕ ਸਤਵੰਤ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਸੁਖਦੇਵ ਕੌਰ ਨੂੰ ਪੀਟੀਸੀ ਚੈਨਲ ਵਲੋਂ ਫ਼ੋਨ ਕਰ ਕੇ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਉਸਾਰੀ ਲਈ ਲਾਈ ਰਕਮ ਦੀ ਆੜ ’ਚ ‘ਰੋਜ਼ਾਨਾ ਸਪੋਕਸਮੈਨ’ ਵਿਰੁਧ ਭੜਕਾਉਣ ਅਤੇ ਊਲ ਜਲੂਲ ਸਵਾਲ ਪੁਛਣ ਲਈ ਕੀਤੀ ਕਾਲ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ ਕਿਉਂਕਿ ਬੀਬੀ ਸੁਖਦੇਵ ਕੌਰ ਅਤੇ ਉਸ ਦੇ ਪਤੀ ਸਤਵੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸਲ ਫ਼ਲਸਫ਼ਾ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਉਣ ਲਈ ਯਤਨਸ਼ੀਲ ਸ. ਜੋਗਿੰਦਰ ਸਿੰਘ ਦੇ ਰਾਹਾਂ ’ਚ ਪਹਿਲੇ ਦਿਨ ਤੋਂ ਹੀ ਕੰਡੇ ਵਿਛਾਉਂਦੇ ਆ ਰਹੇ ਬਾਦਲ ਪ੍ਰਵਾਰ ਸਮੇਤ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਹੁਣ ਪੀਟੀਸੀ ਚੈਨਲ ਦੇ ਮਾਧਿਅਮ ਰਾਹੀਂ ਜੋ ਨਿੰਦਣਯੋਗ ਮੁਹਿੰਮ ਸ਼ੁਰੂ ਕੀਤੀ ਹੈ, ਉਸ ਨੂੰ ਵੀ ਪਹਿਲਾਂ ਦੀ ਤਰ੍ਹਾਂ ਨਮੋਸ਼ੀ ਹੀ ਸਹਿਣੀ ਪਵੇਗੀ।
‘ਰੋਜ਼ਾਨਾ ਸਪੋਕਸਮੈਨ’ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਕਤ ਪਤੀ-ਪਤਨੀ ਨੇ ਦਸਿਆ ਕਿ ਪੀਟੀਸੀ ਚੈਨਲ ਵਾਲਿਆਂ ਨੇ ਫ਼ੋਨ ਕਰ ਕੇ ਆਖਿਆ ਕਿ ਤੁਸੀਂ 15 ਲੱਖ ਰੁਪਿਆ ਸਪੋਕਸਮੈਨ ਵਲੋਂ ਉਸਾਰੇ ਜਾ ਰਹੇ ‘ਉੱਚਾ ਦਰ ਬਾਬੇ ਨਾਨਕ ਦਾ’ ਲਈ ਕਿਉਂ ਲਾਇਆ ਸੀ? ਉਸ ਦੇ ਜਵਾਬ ਵਿਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸਾਰਾ ਪ੍ਰਵਾਰ ‘ਉੱਚਾ ਦਰ…..’ਦੀ ਮੈਂਬਰਸ਼ਿਪ ਹਾਸਲ ਕਰ ਚੁੱਕਾ ਹੈ ਤੇ ਕੁਲ ਮਿਲਾ ਕੇ ਸਾਡੀ 40 ਲੱਖ ਰੁਪਏ ਤੋਂ ਜ਼ਿਆਦਾ ਰਕਮ ਉਸ 100 ਕਰੋੜੀ ਪ੍ਰੋਜੈਕਟ ‘ਉੱਚਾ ਦਰ ਬਾਬੇ ਨਾਨਕ ਦਾ’ ਲਈ ਭੇਜੀ ਜਾ ਚੁੱਕੀ ਹੈ ਅਤੇ ਜੇ ਸਾਡੇ ਕੋਲ ਹੋਰ ਦਸਵੰਧ ਜੁੜਿਆ ਤਾਂ ਅਸੀਂ ਉਹ ਵੀ ‘ਉੱਚਾ ਦਰ..’ ਨੂੰ ਹੀ ਅਰਪਣ ਕਰਾਂਗੇ।
ਉਨ੍ਹਾਂ ਦਾਅਵਾ ਕੀਤਾ ਕਿ 1 ਜਨਵਰੀ 1994 ਨੂੰ ਮਾਸਿਕ ਸਪੋਕਸਮੈਨ ਅਤੇ 1 ਦਸੰਬਰ 2005 ਨੂੰ ਸ਼ੁਰੂ ਹੋਏ ‘ਰੋਜ਼ਾਨਾ ਸਪੋਕਸਮੈਨ’ ਨੂੰ ਬੰਦ ਕਰਾਉਣ ਲਈ ਬਾਦਲ ਪ੍ਰਵਾਰ ਸਮੇਤ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਹਰ ਕੋਝਾ ਹੱਥਕੰਡਾ ਵਰਤਿਆ ਪਰ ਇਸ ਸੱਚ ਦੇ ਸੂਰਜ ਦਾ ਕੱਖ ਵੀ ਨਾ ਵਿਗਾੜ ਸਕੇ, ਉਲਟਾ ‘ਰੋਜ਼ਾਨਾ ਸਪੋਕਸਮੈਨ’ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਿਆ ਅਤੇ ਸਿੱਖ ਸ਼ਕਲਾਂ ਵਾਲੇ ਇਨ੍ਹਾਂ ਪੰਥ ਦੇ ਅਖੌਤੀ ਠੇਕੇਦਾਰਾਂ ਦੀਆਂ ਕਰਤੂਤਾਂ ਜਨਤਕ ਕਰਨ ਲੱਗਾ ਜਿਸ ਤੋਂ ਦੁਨੀਆਂ ਦੇ ਕੋਨੇ ਕੋਨੇ ’ਚ ਬੈਠੀ ਗੁਰੂ ਨਾਨਕ ਨਾਮਲੇਵਾ ਸੰਗਤ ਉਸ ਵੇਲੇ ਭਲੀਭਾਂਤ ਜਾਣੂ ਹੋ ਗਈ
ਜਦੋਂ ਬੇਅਦਬੀ ਕਾਂਡ ਸਮੇਤ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਬਾਦਲ ਸਰਕਾਰ ਦੀ ਪੁਲਿਸ ਵਲੋਂ ਢਾਹੇ ਗਏ ਪੁਲਸੀਆ ਅਤਿਆਚਾਰ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ, ਸ਼੍ਰੋਮਣੀ ਕਮੇਟੀ ਵਲੋਂ ਭੇਤਭਰੀ ਹਾਲਤ ’ਚ ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉਪਰ ਸ਼੍ਰੋਮਣੀ ਕਮੇਟੀ ਦੀ ਗੁੰਡਾ ਬ੍ਰਿਗੇਡ ਵਲੋਂ ਅਤਿਆਚਾਰ ਢਾਹਿਆ ਗਿਆ।
ਉਕਤ ਪਤੀ-ਪਤਨੀ ਨੇ ਦਸਿਆ ਕਿ ਬਾਦਲਾਂ ਨੇ ‘ਰੋਜ਼ਾਨਾ ਸਪੋਕਸਮੈਨ’ ਦੇ ਜਨਮ ਦੇ ਪਹਿਲੇ ਦਿਨ ਹੀ ਅਰਥਾਤ 1 ਦਸੰਬਰ 2005 ਨੂੰ ਅਪਣੇ ਤਨਖ਼ਾਹਦਾਰ ਮੁਲਾਜ਼ਮਾਂ ਤੋਂ ਸਪੋਕਸਮੈਨ ਵਿਰੁਧ ਹੁਕਮਨਾਮਾ ਜਾਰੀ ਕਰਵਾ ਕੇ ਸਪੋਕਸਮੈਨ ਦੇ ਐਡੀਟਰ ਨੂੰ ਕਤਲ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਦੀਆਂ ਟਾਹਰਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਪਰ ਅੱਜ ਬਾਦਲਾਂ ਦਾ ਸਿਆਸੀ ਅਕਸ ਹਾਸ਼ੀਏ ’ਤੇ ਪੁੱਜ ਚੁੱਕਾ ਹੈ ਅਤੇ ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸੰਗਤਾਂ ਦੇ ਮਨਾਂ ’ਚ ਵੀ ਕੀ ਅਕਸ ਬਣਾ ਕੇ ਰੱਖ ਦਿਤਾ ਹੈ।
ਉਨ੍ਹਾਂ ਦਸਿਆ ਕਿ ਸੂਬੇਦਾਰ ਪਿਆਰਾ ਸਿੰਘ ਪਿਆਰ ਦੇ ਨਾਮ ’ਤੇ ਯਾਤਰੀ ਨਿਵਾਸ ਦਾ ਨਾਮ ਪਿਆਰਾ ਸਿੰਘ ਯਾਤਰੀ ਨਿਵਾਸ ਰੱਖ ਦਿਤਾ ਗਿਆ ਹੈ, ਕਿਉਂਕਿ ਉਨ੍ਹਾਂ ਨੇ 50 ਲੱਖ ਰੁਪਏ ਦਾ ਯੋਗਦਾਨ ਪਾਇਆ ਸੀ ਤੇ ਉਸ ਤੋਂ ਬਾਅਦ ਦੂਜਾ ਸਾਡਾ ਪ੍ਰਵਾਰ ਹੈ, ਜਿਨ੍ਹਾਂ ਦਾ 40 ਲੱਖ ਰੁਪਏ ਤੋਂ ਜ਼ਿਆਦਾ ਦਾ ਯੋਗਦਾਨ ਹੈ। ਉਨ੍ਹਾਂ ਅਪਣੇ ਸਤਿਕਾਰਯੋਗ ਪਿਤਾ ਸੰਤਾ ਸਿੰਘ ਅਤੇ ਮਾਤਾ ਜਲ ਕੌਰ ਦੇ ਨਾਮ ’ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਫ਼ਲਸਫ਼ੇ ਦੇ ਪ੍ਰਚਾਰ ਪ੍ਰਸਾਰ ਲਈ ਉਸਾਰੇ ਗਏ ‘ਉੱਚਾ ਦਰ..’ ਲਈ ਅਰਪਣ ਕੀਤਾ ਜਿਸ ’ਤੇ ਸਾਨੂੰ ਮਾਣ ਹੈ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਵੀ ਇਸ ਯੋਗਦਾਨ ਲਈ ਮਾਣ ਮਹਿਸੂਸ ਕਰਨਗੀਆਂ।
ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਉਹ ਪੀਟੀਸੀ ਚੈਨਲ ਰਾਹੀਂ ਇਹ ਕੌਝੀਆਂ ਹਰਕਤਾਂ ਕਰਨ ਦੀ ਬਜਾਇ ਦੱਸੇ ਕਿ 1200 ਕਰੋੜ ਰੁਪਏ ਤੋਂ ਜ਼ਿਆਦਾ ਸਾਲ ਦੀ ਆਮਦਨ ਵਾਲੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅੱਜ ਅਪਣਾ ਟੀਵੀ ਚੈਨਲ ਸ਼ੁਰੂ ਕਿਉਂ ਨਹੀਂ ਕਰ ਸਕੀ? ਪੀਟੀਸੀ ਚੈਨਲ ਦੀਆਂ ਸ਼ਰਮਨਾਕ ਹਰਕਤਾਂ ਸਾਹਮਣੇ ਆਉਣ ਦੇ ਬਾਵਜੂਦ ਵੀ ਉਸ ਨੂੰ ਗੁਰਬਾਣੀ ਨੂੰ ਪ੍ਰਸਾਰਨ ਕਰਨ ਦੇ ਸਾਰੇ ਅਧਿਕਾਰ ਕਿਉਂ ਅਤੇ ਕਿਵੇਂ ਦਿਤੇ ਗਏ? ਸ਼੍ਰੋਮਣੀ ਕਮੇਟੀ ਨੇ 1200 ਕਰੋੜ ਰੁਪਏ ਦੀ ਇਕ ਸਾਲ ਦੀ ਆਮਦਨ ਦੇ ਬਾਵਜੂਦ ‘ਰੋਜ਼ਾਨਾ ਸਪੋਕਸਮੈਨ’ ਦੀ ਤਰ੍ਹਾਂ ਟੀਵੀ ਚੈਨਲ, ਪ੍ਰਕਾਸ਼ਨ ਘਰ, ਰੋਜ਼ਾਨਾ ਅਖ਼ਬਾਰ, ਮਿਊਜ਼ੀਅਮ, ਅਜਾਇਬ ਘਰ, ਉਦਾਸੀਆਂ (ਯਾਤਰਾਵਾਂ), ਨਨਕਾਣਾ ਬਾਜ਼ਾਰ, ਬੇਬੇ ਨਾਨਕੀ ਦੀ ਰਸੋਈ, ਬਾਣੀ ਭਵਨ, ਲਾਇਬ੍ਰੇਰੀ, ਖੋਜ ਕੇਂਦਰ, ਬੇੜੀ ਉਤੇ ਇਤਿਹਾਸ ਦੀ ਯਾਤਰਾ, ਹਸਪਤਾਲ, ਸੁੰਦਰ ਬਨ ਆਦਿਕ ਚੀਜ਼ਾਂ ਬਣਾਉਣ ਦੀ ਜ਼ਰੂਰਤ ਕਿਉਂ ਨਾ ਸਮਝੀ?
ਪ੍ਰੋ. ਇੰਦਰ ਸਿੰਘ ਘੱਗਾ ਸਮੇਤ ਵੱਖ-ਵੱਖ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਸੁਆਲ ਕੀਤਾ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੰਥ ਵਿਰੋਧੀ ਸ਼ਕਤੀਆਂ ਦੇ ਦਬਾਅ ਵਿਚ ਆ ਕੇ ਕਤਲ ਕਰਨ ਦੇ ਕਾਰਨਾ ਤੋਂ ਸੰਗਤਾਂ ਨੂੰ ਜਾਣੂ ਕਰਵਾਵੇ? ਉਨ੍ਹਾਂ ਪੁਛਿਆ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਵਜੋਂ ਅਦਾਲਤਾਂ ਦਾ ਸਾਹਮਣਾ ਕਰ ਰਹੇ ਪ੍ਰੇਮੀਆਂ ਨੂੰ ਬਾਦਲਾਂ ਵਲੋਂ ਅਕਾਲੀ ਦਲ ਵਿਚ ਅਹੁਦੇ ਦੇਣ ਅਤੇ ਚੋਣਾਂ ’ਚ ਟਿਕਟਾਂ ਦੇਣ ਮੌਕੇ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਜੁਬਾਨ ਬੰਦ ਕਿਉਂ ਰੱਖੀ?
ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਬਾਦਲ ਸਰਕਾਰ ਦੀ ਪੁਲਿਸ ਵਲੋਂ ਢਾਹੇ ਗਏ ਅਤਿਆਚਾਰ ਦੇ ਵਿਰੋਧ ’ਚ ਸ਼੍ਰੋਮਣੀ ਕਮੇਟੀ ਨੇ ਕੀ ਸਟੈਂਡ ਲਿਆ? ਤਖ਼ਤਾਂ ਦੇ ਜਥੇਦਾਰਾਂ ਨੂੰ ਬਾਦਲਾਂ ਵਲੋਂ ਅਪਣੀ ਨਿਜੀ ਰਿਹਾਇਸ਼ ’ਤੇ ਤਲਬ ਕਰ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਬਿਨ ਮੰਗੀ ਮਾਫ਼ੀ ਦੇਣ, ਉਸ ਗ਼ਲਤ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਸੰਗਤਾਂ ਵਲੋਂ ਦਾਨ ਵਿਚ ਦਿੱਤੀ ਰਕਮ ਅਰਥਾਤ ਗੋਲਕਾਂ ’ਚੋਂ ਲਗਭਗ ਇਕ ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਉਕਤ ਮਾਫ਼ੀ ਵਾਲਾ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਹੋਣ ਵਾਲੀਆਂ ਘਟਨਾਵਾਂ ਬਾਰੇ ਆਖ਼ਰ ਸ਼੍ਰੋਮਣੀ ਕਮੇਟੀ ਦਾ ਸਟੈਂਡ ਕੀ ਹੈ?
ਬਾਦਲ ਸਰਕਾਰ ਦੀ ਪੁਲਿਸ ਵਲੋਂ ਦੋ ਨਿਹੱਥੇ ਅਤੇ ਨਿਰਦੋਸ਼ ਸਿੱਖ ਨੌਜਵਾਨਾ ਦਾ ਕਤਲ ਕਰਨ, ਉਨ੍ਹਾਂ ਦੇ ਮਿ੍ਰਤਕ ਸਰੀਰਾਂ ’ਚੋਂ ਨਿਕਲੀਆਂ ਗੋਲੀਆਂ ਟੈਂਪਰ ਕਰਨ, ਅਸਲ ਸਬੂਤ ਮਿਟਾ ਕੇ ਨਕਲ ਸਬੂਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਾਲੀਆਂ ਘਟਨਾਵਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਾਦਲਾਂ ਨੇ ਅਪਣੀ ਪੁਲਿਸ ਨੂੰ ਕਾਨੂੰਨ ਹੱਥ ’ਚ ਲੈਣ ਦੀ ਖੁਲ੍ਹੀ ਛੋਟ ਦੇ ਰੱਖੀ ਸੀ। ਪੰਥਦਰਦੀਆਂ ਨੇ ਆਖਿਆ ਕਿ ਜਾਂ ਤਾਂ ਸ਼੍ਰੋਮਣੀ ਕਮੇਟੀ ਉਕਤ ਸਵਾਲਾਂ ਦਾ ਜਵਾਬ ਦੇਵੇ ਅਤੇ ਜਾਂ ਸਪੱਸ਼ਟ ਕਰੇ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਾਉਣ ਦਾ ਸੰਕਲਪ ਲੈ ਕੇ ਸ਼ੁਰੂ ਕੀਤੇ ਜਾ ਰਹੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਰਾਹ ਵਿਚ ਅੜਿੱਕੇ ਕਿਉਂ ਪਾ ਰਹੀ ਹੈ?