
ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਚ ਪੰਜਾਬ..............
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਚ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੇ ਹੱਕ ਵਿਚ ਲੜੀ ਜਾਣ ਵਾਲੀ ਲੜਾਈ ਅਤੇ ਇਮਾਨਦਾਰੀ ਕਾਰਨ ਹੀ ਸਜ਼ਾ ਦਿਤੀ ਗਈ ਹੈ ਪਰ ਖਹਿਰਾ ਨੂੰ ਦਿਤੀ ਗਈ ਇਹ ਸਜਾ ਲਈ ਲੋਕ ਇਨਸਾਫ਼ ਪਾਰਟੀ ਖਹਿਰਾ ਦੇ ਨਾਲ ਹੈ। ਵਿਧਾਇਕ ਬੈਂਸ ਅੱਜ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ 'ਤੇ ਤਿੱਖਾ ਪ੍ਰਤੀਕਰਮ ਜਤਾ ਰਹੇ ਹਨ।
ਵਿਧਾਇਕ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗੇ ਸ਼ਰਤ ਰੱਖੀ ਗਈ ਸੀ ਕਿ ਜੇਕਰ ਕਾਂਗਰਸ ਤੇ ਆਪ ਦਾ ਸਮਝੌਤਾ ਹੋਵੇਗਾ ਤਾਂ ਪਹਿਲੀ ਸ਼ਰਤ ਇਹੋ ਹੈ ਕਿ ਖਹਿਰਾ ਨੂੰ ਹਟਾ ਦਿਤਾ ਜਾਵੇ। ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਅਤੇ ਆਪ ਦਾ ਸਮਝੌਤਾ ਹੋਣ ਜਾ ਰਿਹਾ ਹੈ ਪਰ ਇਸ ਨਾਲ ਸੂਬੇ ਦਾ ਕੋਈ ਭਲਾ ਨਹੀਂ ਹੋਣ ਵਾਲਾ।
ਵਿਧਾਇਕ ਬੈਂਸ ਅਨੁਸਾਰ ਆਪ ਕਨਵੀਨਰ ਕੇਜਰੀਵਾਲ ਡਿਕਟੇਟਰ ਹਨ ਅਤੇ ਡਿਕਟੇਟਰਸ਼ਿਪ ਵਲੋਂ ਉਠਾਏ ਗਏ ਗ਼ਲਤ ਕਦਮਾਂ ਕਾਰਨ ਹੀ ਸੂਬੇ ਵਿਚ 2017 ਦੀਆਂ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰਹਿ ਗਈ ਅਤੇ ਜੇਕਰ ਪੰਜਾਬ ਆਗੂਆਂ ਅਤੇ ਪੰਜਾਬੀਆਂ ਨੂੰ ਨਾਲ ਲੈ ਕੇ ਚਲਿਆ ਜਾਂਦਾ ਤਾਂ ਅੱਜ ਸੂਬੇ ਵਿਚ ਆਪ ਦੀ ਸਰਕਾਰ ਹੋਣੀ ਸੀ।