
2007 ਤੋਂ ਸੌਦਾ ਸਾਧ ਅਤੇ ਅਕਾਲੀਆਂ ਦਰਮਿਆਨ ਬਣੇ ਰਹੇ ਦੋਸਤਾਨਾ ਸਬੰਧ
ਕੋਟਕਪੂਰਾ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਤੋਂ ਪੀੜਤ ਪਰਵਾਰ, ਪੰਥਕ ਹਲਕੇ, ਸਿੱਖ ਚਿੰਤਕ ਅਤੇ ਪੰਥਦਰਦੀ ਸੀਬੀਆਈ ਦੀ ਕਲੋਜ਼ਰ ਰੀਪੋਰਟ ਦੀ ਨਿੰਦਾ ਕਰਦਿਆਂ ਇਸ ਬਾਰੇ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ ਜਾਂ ਬਾਦਲਾਂ ਨੂੰ ਕਸੂਰਵਾਰ ਠਹਿਰਾਉਣ ਦੇ ਦਾਅਵੇ ਕਰਨ ਪਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ 'ਚ ਸੌਦਾ ਸਾਧ ਅਤੇ ਉਸ ਦੇ ਪ੍ਰੇਮੀਆਂ ਨੇ ਕੋਈ ਕਸਰ ਨਹੀਂ ਛੱਡੀ।
Beadbi Kand
ਉਕਤ ਮਾਮਲੇ ਦਾ ਦੁਖਦਾਇਕ ਅਤੇ ਸ਼ਰਮਨਾਕ ਪਹਿਲੂ ਇਹ ਵੀ ਹੈ ਕਿ ਇਸ ਘਟਨਾਕ੍ਰਮ ਦੌਰਾਨ ਲਗਾਤਾਰ 10 ਸਾਲ ਸਤਾ 'ਤੇ ਕਾਬਜ਼ ਰਹੇ ਅਕਾਲੀ ਦਲ ਬਾਦਲ ਨੇ ਸੌਦਾ ਸਾਧ ਅਤੇ ਡੇਰਾ ਪ੍ਰੇਮੀਆਂ ਨਾਲ ਦੋਸਤਾਨਾ ਸਬੰਧ ਬਰਕਰਾਰ ਰੱਖੇ। ਭਾਵੇਂ ਮਈ 2007 'ਚ ਡੇਰਾ ਮੁਖੀ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਦਾ ਸਵਾਂਗ ਰਚਾਉਣ ਵਿਰੁਧ ਬਠਿੰਡਾ ਅਦਾਲਤ 'ਚ ਸੌਦਾ ਸਾਧ ਵਿਰੁਧ ਧਾਰਾ 295ਏ ਅਤੇ 153ਏ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ
Dera Lovers
ਅਤੇ ਅਕਾਲ ਤਖ਼ਤ ਵਲੋਂ ਸੌਦਾ ਸਾਧ ਨੂੰ ਪੰਥ 'ਚੋਂ ਛੇਕਣ ਦਾ ਹੁਕਮਨਾਮਾ ਜਾਰੀ ਹੋ ਚੁੱਕਾ ਸੀ ਪਰ ਸਾਢੇ 4 ਸਾਲ 'ਚ ਬਾਦਲ ਸਰਕਾਰ ਦੀ ਪੁਲਿਸ ਨੇ ਸੌਦਾ ਸਾਧ ਵਿਰੁਧ ਚਲਾਨ ਪੇਸ਼ ਕਰਨ ਦੀ ਜ਼ਰੂਰਤ ਹੀ ਨਾ ਸਮਝੀ। ਡੇਰਾ ਮੁਖੀ ਅਤੇ ਅਕਾਲੀ ਦਲ ਬਾਦਲ ਦਰਮਿਆਨ ਦੋਸਤਾਨਾ ਸਬੰਧਾਂ ਦਾ ਉਸ ਵੇਲੇ ਪ੍ਰਗਟਾਵਾ ਹੋ ਗਿਆ ਜਦੋਂ ਬਾਦਲ ਸਰਕਾਰ ਨੇ ਅਦਾਲਤ 'ਚ ਸੌਦਾ ਸਾਧ ਵਿਰੁਧ ਦਰਜ ਮਾਮਲਿਆਂ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕਰ ਦਿਤੀ। ਉਸ ਤੋਂ ਕੁੱਝ ਸਮੇਂ ਬਾਅਦ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ 'ਚ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਨੂੰ ਟਿੱਚ ਜਾਣਦਿਆਂ ਬਾਦਲਾਂ ਨੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈ ਕੇ ਦੁਬਾਰਾ ਫਿਰ ਸਰਕਾਰ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ।
ਸੌਦਾ ਸਾਧ ਅਤੇ ਡੇਰਾ ਪ੍ਰੇਮੀਆਂ ਨਾਲ ਬਾਦਲਾਂ ਦੀ ਨੇੜਤਾ ਬਾਰੇ ਉਸ ਵੇਲੇ ਵੀ ਸੌਦਾ ਸਾਧ ਦੇ ਰਿਸ਼ਤੇਦਾਰ ਨੂੰ ਬਾਦਲ ਸਰਕਾਰ ਵਲੋਂ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ 'ਤੇ ਪਟਰੌਲ ਪੰਪ ਅਲਾਟ ਕਰਨ ਦੀਆਂ ਖ਼ਬਰਾਂ ਸੋਸ਼ਲ ਮੀਡੀਏ ਰਾਹੀਂ ਕਾਫ਼ੀ ਚਰਚਾ 'ਚ ਰਹੀਆਂ। ਹਰ ਪ੍ਰੈਸ ਕਾਨਫ਼ਰੰਸ ਮੌਕੇ ਉਕਤ ਸਵਾਲਾਂ ਦਾ ਜਵਾਬ ਦੇਣ ਤੋਂ ਬਾਦਲ ਪਿਉ-ਪੁੱਤ, ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਅਤੇ ਅਕਾਲੀ ਆਗੂ ਅੱਜ ਵੀ ਟਾਲਾ ਵੱਟਦੇ ਪ੍ਰਤੀਤ ਹੁੰਦੇ ਹਨ।