
ਟੈਟ ਪਾਸ ਦਲਿਤ ਬੇਰੁਜ਼ਗਾਰ ਵਲੋਂ ਖ਼ੁਦਕੁਸ਼ੀ ਦਾ ਮਾਮਲਾ
ਚੰਡੀਗੜ੍ਹ : ਮਾਨਸਾ ਦੇ ਪਿੰਡ ਚੱਕ ਭਾਈ ਕੇ ਦੇ ਟੈਟ ਪਾਸ ਦਲਿਤ ਬੇਰੁਜ਼ਗਾਰ ਜਗਸੀਰ ਸਿੰਘ ਨੇ ਰੁਜ਼ਗਾਰ ਨਾ ਮਿਲਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। 30 ਜੁਲਾਈ 2019 ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਚੱਕ ਭਾਈ ਕੇ ਵਿਖੇ ਜਗਸੀਰ ਸਿੰਘ ਨਮਿਤ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਗਸੀਰ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਭਰ ਦੇ ਟੈਟ ਪਾਸ ਅਤੇ ਨੈਟ ਪਾਸ ਬੇਰੁਜ਼ਗਾਰਾਂ ਲਈ ਨੌਕਰੀਆਂ ਖੋਲ੍ਹਣ ਦਾ ਐਲਾਨ ਕਰ ਕੇ ਆਪਣੇ 'ਪਾਪਾਂ' ਦਾ ਪਸ਼ਚਾਤਾਪ ਕਰੇ।
Harpal Singh Cheema
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਦੀ ਮੌਤ ਨੂੰ ‘ਸਰਕਾਰੀ ਕਤਲ’ ਕਰਾਰ ਦਿਤਾ ਹੈ। ਉਨਾਂ ਕਿਹਾ ਕਿ ਨਿਕੰਮੀਆਂ ਸਰਕਾਰਾਂ ਹੋਣਹਾਰ ਨੌਜਵਾਨਾਂ ਦੇ ਹੌਸਲੇ ਪਸਤ ਕਰ ਰਹੀਆਂ ਹਨ। ਨਸ਼ੇ ਅਪਰਾਧ, ਪਰਵਾਸ ਅਤੇ ਆਤਮ ਹੱਤਿਆ ਵਰਗੀ ਤ੍ਰਾਸਦੀ ਕਾਂਗਰਸ, ਅਕਾਲੀ-ਭਾਜਪਾ ਸਰਕਾਰ ਦੇ ‘ਮਾਫ਼ੀਆ ਰਾਜ’ ਦੀ ਦੇਣ ਹਨ।
Jagsir Singh
ਚੀਮਾ ਨੇ ਕਿਹਾ ਕਿ ਜਗਸੀਰ ਸਿੰਘ ਇਕ ਬੇਹੱਦ ਗ਼ਰੀਬ ਦਲਿਤ ਪਰਿਵਾਰ ਦੇ ਘਰ ਪੈਦਾ ਹੋਇਆ। ਉਸ ਦੇ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ ਕਿ ਅਪਾਹਜ਼ ਹੋਣ ਦੇ ਬਾਵਜੂਦ ਦਿਹਾੜੀ-ਮਿਹਨਤ-ਮਜਦੂਰੀ ਕਰ ਕੇ ਉਸ ਨੇ ਨਾ ਸਿਰਫ਼ ਉੱਚ ਡਿਗਰੀਆਂ ਲਈਆਂ ਬਲਕਿ ਯੂਜੀਸੀ, ਨੈਟ ਅਤੇ ਟੈਟ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਪਰੰਤੂ ਸਰਕਾਰਾਂ ਦੀਆਂ ਮਾਰੂ ਨੀਤੀਆਂ ਨੇ ਜਗਸੀਰ ਵਰਗੇ ਹਿੰਮਤੀ ਸ਼ਖ਼ਸ ਦਾ ਹੌਸਲਾ ਪਸਤ ਕਰ ਦਿੱਤਾ, ਜੋ ਨਾ ਸਿਰਫ਼ ਸਰਕਾਰਾਂ ਬਲਕਿ ਸਮੁੱਚੇ ਸਮਾਜ ਦੇ ਮੂੰਹ 'ਤੇ ਚਪੇੜ ਹੈ, ਜੋ ਅਜਿਹੇ ਭਿ੍ਰਸ਼ਟ ਲੋਕਾਂ ਨੂੰ ਵਾਰ-ਵਾਰ ਸੱਤਾ ‘ਤੇ ਬਿਠਾਉਂਦੇ ਆ ਰਹੇ ਹਨ।
Principal Budhram
ਇਸ ਮੌਕੇ ਪਿ੍ਰੰਸੀਪਲ ਬੁੱਧਰਾਮ ਨੇ ਮੰਗ ਕੀਤੀ ਕਿ ਸਰਕਾਰ ਜਗਸੀਰ ਸਿੰਘ ਦੇ ਪੀੜਤ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ ਜਗਸੀਰ ਸਿੰਘ ਦੀ ਯਾਦ 'ਚ ਉਸ ਦੇ ਪਿੰਡ ਚੱਕ ਭਾਈ ਕੇ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੀ ਸਹਾਇਤਾ ਦੇਵੇ।