
ਬੇਰੁਜ਼ਗਾਰ ਅਧਿਆਪਕਾਂ ਚਲਾਈ ਸੀ 'ਰੁਜ਼ਗਾਰ ਨਹੀਂ ਤਾਂ ਵੋਟ ਨਹੀਂ' ਮੁਹਿੰਮ
ਚੰਡੀਗੜ੍ਹ (ਨੀਲ) : ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਵੇਂ ਪੰਜਾਬ ਕਾਂਗਰਸ ਦੀ ਕਾਰਗੁਜ਼ਾਰੀ ਦੂਜੇ ਸੂਬਿਆਂ ਨਾਲੋਂ ਵਖਰੀ ਰਹੀ ਹੈ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਿਸ਼ਨ-13 ਪੂਰਾ ਨਹੀਂ ਹੋ ਸਕਿਆ। ਚੋਣ ਸਰਗਰਮੀਆਂ ਦੌਰਾਨ ਸੂਬੇ ਭਰ 'ਚ ਕਾਂਗਰਸੀ ਉਮੀਦਵਾਰਾਂ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਸੁਆਲਾਂ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ।
Unemployment
ਭਾਵੇਂ ਪੰਜਾਬ ਸਰਕਾਰ ਕਰੀਬ 5 ਲੱਖ ਨੌਜਵਾਨਾਂ ਨੂੰ ਰੁਜ਼ਗਾਰ/ਕਾਰੋਬਾਰ ਦੇਣ ਦਾ ਦਾਅਵਾ ਕਰ ਰਹੀ ਹੈ ਪ੍ਰੰਤੂ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਬੇਰੁਜ਼ਗਾਰ ਅਧਿਆਪਕ, ਮਲਟੀਪਰਪਜ਼ ਹੈਲਥ ਵਰਕਰ ਅਤੇ ਹੋਰ ਯੋਗਤਾਵਾਂ ਪੂਰੀਆਂ ਕਰਦੇ ਨੌਜਵਾਨ ਹਾਲੇ ਵੀ ਸੰਘਰਸ਼ ਦੇ ਰਾਹ ਪਏ ਹੋਏ ਹਨ। ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੂਬਾ ਪ੍ਰੈੱੱਸ ਸਕੱਤਰ ਰਣਦੀਪ ਸੰਗਤਪੁਰਾ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ-2017 ਵਿਚ 'ਘਰ-ਘਰ ਨੌਕਰੀ' ਦਾ ਵਾਅਦਾ ਕਰ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਏ ਕੈਪਟਨ ਅਮਰਿੰਦਰ ਸਿੰਘ 2 ਸਾਲਾਂ ਬਾਅਦ ਵੀ ਇਹ ਵਾਅਦਾ ਸਹੀ ਅਰਥਾਂ 'ਚ ਪੂਰਾ ਕਰਨ ਤੋਂ ਅਸਮਰਥ ਰਹੇ ਹਨ।
Captain Amarinder Singh
ਉਨ੍ਹਾਂ ਕਿਹਾ ਕਿ ਜਥੇਬੰਦੀ ਚੋਣਾਂ ਦੌਰਾਨ ਵੀ ਸੰਘਰਸ਼ ਦੇ ਰਾਹ 'ਤੇ ਸੀ , ਜਿਸ ਦੌਰਾਨ ਸੂਬੇ ਅੰਦਰ 'ਰੁਜ਼ਗਾਰ ਨਹੀਂ-ਵੋਟ ਨਹੀਂ' ਮੁਹਿੰਮ ਚਲਾਈ ਸੀ, ਜਿਸ ਦਾ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ ਸੀ ਅਤੇ ਹੁਣ ਚੋਣ ਜ਼ਾਬਤਾ ਖ਼ਤਮ ਹੋ ਗਿਆ ਹੈ, ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬੇ ਭਰ 'ਚ ਕਰੀਬ 50 ਹਜ਼ਾਰ ਦੀ ਗਿਣਤੀ ਵਾਲੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਮਾਲਵੇ 'ਚ ਕਾਫੀ ਸਰਗਰਮ ਹਨ। ਜਿਸ ਕਰ ਕੇ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ 'ਤੇ ਵੀ ਬੇਰੁਜ਼ਗਾਰ ਨੌਜਵਾਨਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।