
2015 ਬੇਅਦਬੀ ਗੋਲੀਕਾਂਡ ਮਾਮਲਾ
ਚੰਡੀਗੜ੍ਹ, 27 ਜੁਲਾਈ, (ਨੀਲ ਭਾਲਿੰਦਰ ਸਿੰਘ): ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਪੁਲਿਸ ਅਫ਼ਸਰ ਐਸਪੀ ਬਲਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅੰਤਰਿਮ ਜ਼ਮਾਨਤ ਦੀ ਰਾਹਤ ਮਿਲ ਗਈ ਹੈ । ਹਾਈਕੋਰਟ ਬੈਂਚ ਨੇ ਬਲਜੀਤ ਸਿੰਘ ਨੂੰ ਇਸ ਮਾਮਲੇ ਵਿਚ 29 ਜੁਲਾਈ ਨੂੰ ਸਵੇਰੇ 10 : 00 ਵਜੇ ਜਾਂਚ ’ਚ ਸ਼ਾਮਲ ਹੋਣ ਦੇ ਨਿਰਦੇਸ਼ ਦਿਤੇ ਹਨ। ਹਾਈਕੋਰਟ ਨੇ ਮਾਮਲੇ ਉਤੇ 31 ਜੁਲਾਈ ਲਈ ਅਗਲੀ ਸੁਣਵਾਈ ਤੈਅ ਕਰਦੇ ਹੋਏ ਇਸ ਦੌਰਾਨ ਅੰਤਰਿਮ ਜ਼ਮਾਨਤ ਦਾ ਲਾਭ ਦਿਤੇ ਜਾਣ ਦੇ ਨਿਰਦੇਸ਼ ਦਿਤੇ ਹਨ।
File Photo
ਗੌਰਤਲਬ ਹੈ ਕਿ ਐਸਪੀ ਬਲਜੀਤ ਸਿੰਘ ਬਰਗਾੜੀ ਗੋਲੀਕਾਂਡ ਦੌਰਾਨ ਕੋਟਕਪੂਰੇ ਦੇ ਡੀਐਸਪੀ ਸਨ। ਇਸ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ ਨੇ ਬਲਜੀਤ ਸਿੰਘ ਨੂੰ ਵਾਰ-ਵਾਰ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋ ਰਹੇ ਸਨ। ਅਜਿਹੇ ਵਿਚ ਐਸਆਈਟੀ ਦਾ ਕਹਿਣਾ ਸੀ ਕਿ ਉਹ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ। ਇਸ ਦੇ ਚਲਦਿਆਂ ਫ਼ਰੀਦਕੋਟ ਕੋਰਟ ਨੇ ਐਸਪੀ ਬਲਜੀਤ ਸਿੰਘ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿਤੇ ਸਨ। ਬਲਜੀਤ ਸਿੰਘ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਬੂਤਾਂ ਨੂੰ ਮਿਟਾਇਆ ਹੈ। ਬਲਜੀਤ ਸਿੰਘ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਵਿਚ ਜ਼ਮਾਨਤ ਅਰਜ਼ੀ ਦਰਜ ਕੀਤੀ ਸੀ।