
ਸਰਹਿੰਦ ਨਹਿਰ ਵਿਚੋਂ ਲਾਸ਼ ਬਰਾਮਦ, ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਉ
ਖਰੜ : ਖਰੜ ਦੇ ਪਿੰਡ ਛੱਜੂਮਾਜਰਾ ਦੀ ਕੇ.ਐਸ.ਬੀ. ਕਾਲੋਨੀ ਵਾਸੀ ਗੁੰਮਸ਼ੁਦਾ ਨਾਬਾਲਗ਼ ਲੜਕੇ ਦੀ ਲਾਸ਼ ਸਰਹਿੰਦ ਨਹਿਰ ਵਿਚੋਂ ਬਰਾਮਦ ਹੋਈ। ਇਸ ਬਾਰੇ ਪੁਲਿਸ ਥਾਣਾ ਸਿਟੀ ਖਰੜ ਨੂੰ ਦਿਤੇ ਬਿਆਨਾਂ ਵਿਚ ਹਰਦੀਪ ਸਿੰਘ ਵਾਸੀ ਕੇ.ਐਸ.ਬੀ. ਕਾਲੋਨੀ, ਛੱਜੂ ਮਾਜਰਾ ਨੇ ਦਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਉਸ ਕੋਲ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਹਨ।
ਇਹ ਵੀ ਪੜ੍ਹੋ: ਕੀ ਹੁਣ Disney+ Hotstar ਵੀ ਭਾਰਤ 'ਚ ਬੰਦ ਕਰੇਗਾ ਪਾਸਵਰਡ ਸਾਂਝਾ ਕਰਨ ਦੀ ਸਹੂਲਤ?
ਉਨ੍ਹਾਂ ਦਸਿਆ ਕਿ ਉਸ ਦਾ ਲੜਕਾ ਅਮਰਜੀਤ ਸਿੰਘ (16) ਜੋ 41 ਮਾਡਲ ਸਕੂਲ ਚੰਡੀਗੜ੍ਹ ਵਿਖੇ 10 ਵੀ ਵਿਚ ਪੜ੍ਹਦਾ ਸੀ। ਉਨ੍ਹਾਂ ਦਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਨ੍ਹਾਂ ਦਾ ਬੇਟਾ ਅਮਰਜੀਤ ਸਿੰਘ 24 ਜੁਲਾਈ ਨੂੰ ਅਪਣੀ ਐਕਟਿਵਾ ’ਤੇ ਸਕੂਲ ਗਿਆ ਸੀ ਪਰ ਉਸ ਦੇ ਸਕੂਲ ਵਿਚੋਂ ਫ਼ੋਨ ਆਉਣ ’ਤੇ ਪਤਾ ਲੱਗਿਆ ਕਿ ਉਹ ਅੱਜ ਸਕੂਲ ਨਹੀਂ ਪਹੁੰਚਿਆ, ਜਿਸ ’ਤੇ ਜਦੋਂ ਉਨ੍ਹਾਂ ਉਸ ਨੂੰ ਫ਼ੋਨ ਕੀਤਾ ਤਾਂ ਉਸ ਨੇ ਫ਼ੋਨ ਨਹੀਂ ਚੁਕਿਆ, ਜਿਸ ਤੋਂ ਬਾਅਦ ਉਨਾਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿਤੀ ਤੇ ਉਸ ਦੀ ਅਪਣੀ ਸਾਰੀਆਂ ਰਿਸ਼ਤੇਦਾਰੀਆਂ ਵਿਚ ਭਾਲ ਸ਼ੁਰੂ ਕਰ ਦਿਤੀ।
ਬੇਟੇ ਦੇ ਫ਼ੋਨ ’ਤੇ ਦੋਬਾਰਾ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਕਿਸੇ ਵਿਅਕਤੀ ਨੇ ਚੁਕ ਕੇ ਦਸਿਆ ਕਿ ਤੁਹਾਡੇ ਬੇਟੇ ਦੀ ਐਕਟਿਵਾ ਵਿਚ ਇਹ ਫ਼ੋਨ ਪਿਆ ਸੀ ਜੋ ਪਿੰਡ ਸਲੇਮਪੁਰ ਜ਼ਿਲ੍ਹਾ ਰੋਪੜ੍ਹ ਵਿਖੇ ਲਾਵਾਰਸ ਹਾਲਤ ਵਿਚ ਖੜ੍ਹੀ ਹੈ। ਉਨ੍ਹਾਂ ਦਸਿਆ ਕਿ ਇਹ ਪਤਾ ਲੱਗਣ ਤੋਂ ਬਾਅਦ ਉਹ ਅਪਣੇ ਰਿਸ਼ਤੇਦਾਰਾਂ ਨਾਲ ਮੌਕੇ ’ਤੇ ਪਹੁੰਚੇ ਜਿੱਥੇ ਐਕਟਿਵਾ ਦੇ ਵਿੱਚੋਂ ਫੋਨ ਬਰਾਮਦ ਹੋਇਆ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚ ਮੇਰੇ ਬੇਟੇ ਅਮਰਜੀਤ ਸਿੰਘ ਦੀ ਇਕ ਵੀਡੀਉ ਸਾਹਮਣੇ ਆਈ, ਜਿਸ ਵਿਚ ਉਸ ਨੇ ਅਪਣੇ ਆਪ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਬਾਰੇ ਬੋਲਿਆ ਹੋਇਆ ਸੀ।
ਇਹ ਵੀ ਪੜ੍ਹੋ: ਅਮਰੀਕਾ ਵਿਚ ਪੰਜਾਬੀ ਨੌਜੁਆਨ ਦਾ ਗੋਲੀ ਮਾਰ ਕੇ ਕਤਲ
ਉਨ੍ਹਾਂ ਦਸਿਆ ਕਿ ਬੇਟੇ ਦੀ ਲਾਸ਼ ਸਰਹਿੰਦ ਨਹਿਰ ’ਤੇ ਗੋਤਾਖੋਰਾਂ ਵਲੋਂ ਉਨ੍ਹਾਂ ਨੂੰ ਫ਼ੋਨ ਕਰ ਕੇ ਦਸਿਆ ਗਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਇੱਥੇ ਸਰਹਿੰਦ ਨਹਿਰ ਵਿਚੋਂ ਗੋਬਿੰਦਗੜ੍ਹ ਨੇੜੇ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਖਰੜ ਪੁਲਿਸ ਦੀ ਮਦਦ ਨਾਲ ਮ੍ਰਿਤਕ ਬੇਟੇ ਦੀ ਲਾਸ਼ ਨੂੰ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿਚ ਰਖਵਾ ਦਿਤਾ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਲਈ ਕੋਈ ਵੀ ਵਿਅਕਤੀ ਜ਼ਿੰਮੇਵਾਰ ਨਹੀਂ ਹੈ, ਇਸ ਲਈ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਪੁਲਿਸ ਵਲੋਂ ਮ੍ਰਿਤਕ ਅਮਰਜੀਤ ਦੀ ਲਾਸ਼ ਉਸ ਦੇ ਪਰਵਾਰ ਦੇ ਹਵਾਲੇ ਕਰ ਦਿਤੀ ਗਈ ਹੈ।