
ਮੁਲਜ਼ਮ ਕੋਲੋਂ ਇਕ 9 ਐਮਐਮ ਪਿਸਤੌਲ, ਤਿੰਨ ਜ਼ਿੰਦਾ ਰੌਂਦ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਹੈ।
Amritsar Encounter News : ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ’ਚ 8 ਮਾਰਚ ਨੂੰ ਫ਼ੁਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਗੁਰਸੇਵਕ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਦਾ ਪੁਲਿਸ ਵਲੋਂ ਐਨਕਾਊਂਟਰ ਕਰ ਦਿਤਾ ਗਿਆ। ਐਨਕਾਊਂਟਰ ਦੌਰਾਨ ਕਰਨ ਸਿੰਘ ਦੀ ਸੱਜੀ ਲੱਤ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦਸਿਆ ਕਿ ਥਾਣਾ ਮਹਿਤਾ ਦੀ ਪੁਲਿਸ ਟੀਮ ਨੇ ਐਸਐਚਓ ਇੰਸਪੈਕਟਰ ਹਰਪਾਲ ਸਿੰਘ ਦੀ ਅਗਵਾਈ ਹੇਠ ਬੋਜਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ।
ਚੈਕਿੰਗ ਦੌਰਾਨ ਕਰਨ ਸਿੰਘ ਮੋਟਰਸਾਈਕਲ ’ਤੇ ਆਇਆ ਅਤੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਉਸ ਨੇ ਪੁਲਿਸ ’ਤੇ ਗੋਲੀ ਚਲਾਈ। ਪੁਲਿਸ ਵਲੋਂ ਜਵਾਬੀ ਕਾਰਵਾਈ ’ਚ ਫ਼ਾਇਰਿੰਗ ਕੀਤੀ ਗਈ ਜਿਸ ’ਚ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਕੋਲੋਂ ਇਕ 9 ਐਮਐਮ ਪਿਸਤੌਲ, ਤਿੰਨ ਜ਼ਿੰਦਾ ਰੌਂਦ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਹੈ। ਉਨ੍ਹਾਂ ਦਸਿਆ ਕਿ ਉਕਤ ਮੁਲਜ਼ਮ ਥਾਣਾ ਮਹਿਤਾ ਵਿਚ ਦਰਜ ਮੁਕੱਦਮੇ ਵਿਚ ਲੋੜੀਂਦਾ ਸੀ।
ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਪਿੰਡ ਖੱਬੇ ਰਾਜਪੂਤਾ ’ਚ ਹੋ ਰਹੇ ਫ਼ੁਟਬਾਲ ਮੈਚ ਦੇ ਇਨਾਮ ਵੰਡ ਸਮਾਗਮ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੁਰਪ੍ਰੀਤ ਸਿੰਘ ਉਰਫ ਫ਼ੌਜੀ ਨੂੰ ਨਿਸ਼ਾਨਾ ਬਣਾਉਣ ਲਈ ਫ਼ਾਇਰਿੰਗ ਕੀਤੀ ਗਈ ਸੀ, ਜਿਸ ਦੌਰਾਨ ਇਕ ਗੋਲੀ 14 ਸਾਲਾ ਫ਼ੁਟਬਾਲ ਖਿਡਾਰੀ ਗੁਰਸੇਵਕ ਸਿੰਘ ਨੂੰ ਲੱਗ ਗਈ ਸੀ। ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਗੁਰਸੇਵਕ ਦੀ ਮੌਤ ਹੋ ਗਈ ਸੀ। ਉਕਤ ਮਾਮਲੇ ਤੋਂ ਬਾਅਦ ਲਗਾਤਾਰ ਪੁਲਿਸ ਵਲੋਂ ਕਥਿਤ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।