
ਭਾਰਤ ਬੰਦ ਦੌਰਾਨ ਕਿਸਾਨਾਂ ਦੇ ਸਮਰਥਨ 'ਚ ਉਤਰੇ ਆਮ ਲੋਕ
ਬੰਗਾਲ ਤੋਂ ਲੈ ਕੇ ਪੰਜਾਬ ਤਕ ਰੋਕੀਆਂ ਰੇਲਗੱਡੀਆਂ
ਸਾਰੇ ਮੁੱਖ ਮਾਰਗਾਂ 'ਤੇ ਰਿਹਾ ਕਿਸਾਨਾਂ ਦਾ ਕਬਜ਼ਾ
ਨਵੀਂ ਦਿੱਲੀ/ਚੰਡੀਗੜ੍ਹ, 27 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਤਿੰਨ ਖੇਤੀ ਕਾਨੂੰਨ ਵਿਰੁਧ ਭਾਰਤ ਬੰਦ ਦੇ ਸੱਦੇ ਤਹਿਤ ਬੰਗਾਲ ਤੋਂ ਲੈ ਕੇ ਪੰਜਾਬ ਤਕ ਆਮ ਲੋਕਾਂ ਤੇ ਵੱਖ ਪਾਰਟੀਆਂ ਨੇ ਰੇਲ ਗੱਡੀਆਂ ਰੋਕ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ | ਪੰਜਾਬ ਹਰਿਆਣਾ ਵਿਚ ਤਾਂ ਪਹਿਲਾਂ ਹੀ ਇਸ ਬੰਦ ਨੂੰ ਜਬਰਦਸਤ ਹੁੰਗਾਰਾ ਮਿਲਿਆ ਤੇ ਇਸ ਦੇ ਨਾਲ ਹੀ ਦੂਜੇ ਸੂਬਿਆਂ ਵਿਚ ਵੀ ਵੱਖ-ਵੱਖ ਜਥੇਬੰਦੀਆਂ ਨੇ ਕਿਸਾਨਾਂ ਦੇ ਹੱਕ ਵਿਚ ਥਾਂ-ਥਾਂ ਉਤੇ ਸੜਕ ਜਾਮ ਦੇ ਨਾਲ ਰੇਲਵੇ ਟਰੈਕ ਵੀ ਰੋਕ ਦਿਤੇ ਗਏ | ਕਿਸਾਨਾਂ ਦੇ ਬੰਦ ਕਾਰਨ ਰੇਲਵੇ ਵਲੋਂ 18 ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ | ਫ਼ਿਰੋਜ਼ਪੁਰ ਤੋਂ ਲੁਧਿਆਣਾ, ਜਲੰਧਰ, ਬਠਿੰਡਾ ਅਤੇ ਅੰਮਿ੍ਤਸਰ ਤੋਂ ਪਠਾਨਕੋਟ-ਜਲੰਧਰ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ | ਇਸ ਤੋਂ ਇਲਾਵਾ ਅੰਮਿ੍ਤਸਰ ਤੋਂ ਫ਼ਾਜ਼ਿਲਕਾ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ | ਜਾਣਕਾਰੀ ਦਿੰਦੇ ਹੋਏ, ਉਤਰੀ ਰੇਲਵੇ ਨੇ ਕਿਹਾ ਹੈ ਕਿ ਦਿੱਲੀ, ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨਾਂ ਵਿਚ ਰੇਲ ਸੰਚਾਲਨ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਕਿਸਾਨ ਰੇਲਵੇ ਟ੍ਰੈਕ 'ਤੇ ਬੈਠੇ ਹਨ | ਦਿੱਲੀ ਡਵੀਜ਼ਨ ਵਿਚ 20 ਤੋਂ ਵੱਧ ਥਾਵਾਂ 'ਤੇ ਜਾਮ ਰਿਹਾ | ਅੰਬਾਲਾ ਅਤੇ ਫ਼ਿਰੋਜ਼ਪੁਰ ਡਵੀਜ਼ਨਾਂ ਵਿਚ ਲਗਭਗ 25 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ |
ਕਈ ਥਾਵਾਂ ਉਤੇ ਪੁਲਿਸ ਨਾਲ ਟਕਰਾਅ ਦੇ ਮਾਮਲੇ ਵੀ ਸਾਹਮਣੇ ਆਏ ਹਨ | ਤਾਮਿਲਨਾਡੂ ਦੇ ਕਿਸਾਨਾਂ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਹੰਗਾਮਾ ਖੜ੍ਹਾ ਕਰ ਦਿਤਾ ਹੈ | ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨਾਲ ਝੜਪ ਵਿਚ ਬੈਰੀਕੇਡ ਵੀ ਤੋੜ ਦਿਤੇ | ਜਦੋਂ ਪੁਲਿਸ ਰੋਕਣ ਲਈ ਰਾਜ਼ੀ ਨਹੀਂ ਹੋਈ ਤਾਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਇਸ ਦੌਰਾਨ ਤਮਿਲਨਾਡੂ ਵਿਚ ਕਿਸਾਨਾਂ ਵਲੋਂ ਪੁਲਿਸ ਬੈਰੀਕੇਡਿੰਗ ਤੋੜਨ ਦਾ ਵੀਡੀਉ ਵੀ ਸਾਹਮਣੇ ਆਇਆ ਹੈ | ਤਾਮਿਲਨਾਡੂ ਵਿਚ ਸੀਪੀਐਮ ਦੇ ਸਕੱਤਰ ਕੇ ਬਾਲਾਕਿ੍ਸ਼ਨਨ ਨੇ ਦਸਿਆ ਕਿ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਪਰ ਮੋਦੀ ਸਰਕਾਰ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿਰੁਧ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਤਿੱਖਾ ਹੋਵੇਗਾ |
ਇਸ ਦੇ ਨਾਲ ਹੀ ਮੁੰਬਈ ਵਿਚ ਵੀ ਕਿਸਾਨਾਂ ਨੂੰ ਆਮ ਲੋਕਾਂ ਤੇ ਸਿਆਸੀ ਲੋਕਾਂ ਦਾ ਭਰਵਾਂ ਸਾਥ ਮਿਲਿਆ | ਇਥੇ ਕਿਸਾਨਾਂ ਨਾਲ ਕਾਂਗਰਸ ਯੁਵਾ ਮੋਰਚੇ ਦੇ ਕਾਰਕੁਨਾਂ ਨੇ ਟਰੈਫ਼ਿਕ ਜਾਮ ਕਰ ਦਿਤਾ | ਜਾਮ ਨੂੰ ਦੇਖਦਿਆਂ ਭਾਰੀ ਪੁਲਿਸ ਬਲ ਮੌਕੇ 'ਤੇ ਪਹੁੰਚਿਆ ਤੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ |
ਉਧਰ ਕੇਰਲਾ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਇਥੇ ਵੀ ਕਈ ਸੰਗਠਨ ਕਿਸਾਨਾਂ ਦੇ ਹੱਕ ਵਿਚ ਨਿਤਰੇ ਅਤੇ ਕਈ ਸ਼ਹਿਰਾਂ ਵਿਚ ਦੁਕਾਨਦਾਰਾਂ ਨੇ ਅਪਣੇ ਆਪ ਦੁਕਾਨਾਂ ਬੰਦ ਕੀਤੀਆਂ |
ਉਧਰ ਕਰਨਾਟਕ ਵਿਚ ਭਾਰਤ ਬੰਦ ਦੌਰਾਨ ਕਈ ਸੰਗਠਨਾਂ ਨੇ ਰੈਲੀਆਂ ਕੱਢੀਆਂ ਤੇ ਸੜਕਾਂ ਜਾਮ ਕੀਤੀਆਂ |
ਰਾਂਚੀ ਤੋਂ ਰਾਜੇਸ਼ ਚੌਧਰੀ ਦੀ ਰਿਪੋਰਟ : ਖੱਬੇ ਪੱਖੀ ਖੇਤ ਸੰਗਠਨ ਝਾਰਖੰਡ ਰਾਜ ਕਿਸਾਨ ਸੰਘਰਸ਼ ਸਮਾਵੇ ਸੰਮਤੀ (ਆਰਕੇਐਸਐਸਐਸ) ਦੇ ਕਨਵੀਨਰ ਸੁਫ਼ਲ ਮਹਤੋ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਸਹਿਯੋਗੀ ਸਵੇਰੇ 6 ਵਜੇ ਸੜਕਾਂ 'ਤੇ ਉਤਰ ਗਏ ਸਨ ਤੇ ਸ਼ਾਮ 4 ਵਜੇ ਤਕ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਵਿਚ ਬੰਦ ਸਫ਼ਲ ਰਿਹਾ |
ਇਧਰ ਪੰਜਾਬ ਅਤੇ ਹਰਿਆਣਾ ਵਿਚ ਸਾਰੇ ਹਾਈ ਵੇਅਜ਼ 'ਤੇ ਕਿਸਾਨਾਂ ਦਾ ਕਬਜ਼ਾ ਰਿਹਾ | ਦੋਹਾਂ ਸੂਬਿਆਂ ਵਿਚ ਕਿਸਾਨ ਸਵੇਰ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਡਟੇ ਰਹੇ | ਕਿਸਾਨਾਂ ਨੇ ਜੰਮੂ-ਪਠਾਨਕੋਟ, ਅੰਮਿ੍ਤਸਰ-ਜਲੰਧਰ, ਲੁਧਿਆਣਾ-ਬਰਨਾਲਾ, ਬਠਿੰਡਾ-ਚੰਡੀਗੜ੍ਹ, ਲੁਧਿਆਣਾ-ਚੰਡੀਗੜ੍ਹ, ਚੰਡੀਗੜ੍ਹ-ਅੰਬਾਲਾ, ਅੰਬਾਲਾ-ਦਿੱਲੀ, ਸਿਰਸਾ-ਹਿਸਾਰ, ਸੋਨੀਪਤ-ਦਿੱਲੀ ਹਾਈਵੇਅਜ਼ ਪੂਰੀ ਤਰ੍ਹਾਂ ਜਾਮ ਰੱਖੇ | ਖ਼ਾਸ ਗੱਲ ਇਹ ਰਹੀ ਕਿ ਇਨ੍ਹਾਂ ਹਾਈਵੇਅਜ਼ ਦੇ ਨੇੜਲੇ ਪਿੰਡਾਂ ਦੇ ਆਮ ਲੋਕਾਂ ਨੇ ਕਿਸਾਨਾਂ ਦਾ ਭਰਪੂਰ ਸਾਥ ਦਿਤਾ |
ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ ਤੇ ਭਾਰਤ ਬੰਦ ਸੱਦਾ ਦਿੱਤਾ ਹੈ | ਕਿਸਾਨ ਸੰਗਠਨ ਚਾਹੁੰਦੇ ਹਨ ਕਿ ਸਰਕਾਰ ਤੁਰੰਤ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਵਾਪਸ ਲਵੇ | ਪਿਛਲੇ ਸਾਲ ਦੇਸ਼ ਦੇ ਕਈ ਰਾਜਾਂ ਵਿੱਚ ਇਸ ਨਵੇਂ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ | ਅੱਜ ਕਿਸਾਨ ਅੰਦੋਲਨ ਦੇ 300 ਦਿਨ ਵੀ ਪੂਰੇ ਹੋ ਰਹੇ ਹਨ |
ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ਵਿਚ ਕੁੱਲ 40 ਕਿਸਾਨ ਸੰਗਠਨ ਸ਼ਾਮਲ ਹਨ | ਇਸ ਤੋਂ ਇਲਾਵਾ ਕਈ ਸਿਆਸੀ ਪਾਰਟੀਆਂ ਨੇ ਵੀ ਇਸਦਾ ਸਮਰਥਨ ਕੀਤਾ ਸੀ | ਇਹ 10 ਘੰਟੇ ਦਾ ਬੰਦ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਿਆ ਸੀ ਤੇ ਸ਼ਾਮ 4 ਵਜੇ ਅਮਨ-ਅਮਾਨ ਨਾਲ ਸਮਾਪਤ ਹੋ ਗਿਆ ਸੀ | ਕਈ ਸੂਬਿਆਂ ਵਿਚ ਪੁਲਿਸ ਨੇ ਕਿਸਾਨ ਸੰਗਠਨਾਂ ਦੇ ਇਸ ਬੰਦ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ | ਦੇਸ਼ ਦੇ ਕਿਸੇ ਵੀ ਖਿੱਤੇ ਵਿਚੋਂ ਕਿਸੇ ਮਾੜੀ ਘਟਨਾ ਦੀ ਖ਼ਬਰ ਨਹੀਂ ਮਿਲੀ |