
ਪਿਛਲੇ ਬੁੱਧਵਾਰ ਨੂੰ ਜੱਗੂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕਰਕੇ ਅੰਮ੍ਰਿਤਸਰ ਸਿਵਲ ਲਾਈਨ ਦੀ ਪੁਲਿਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ।
ਅੰਮ੍ਰਿਤਸਰ: ਡਾਕਟਰ ਕੋਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਤਰਨਤਾਰਨ ਪੁਲਿਸ ਵੀ ਗੈਂਗਸਟਰ ਦਾ ਰਿਮਾਂਡ ਲੈਣ ਪਹੁੰਚੀ ਸੀ ਪਰ ਅਦਾਲਤ ਗੈਂਗਸਟਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਬੁੱਧਵਾਰ ਨੂੰ ਜੱਗੂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕਰਕੇ ਅੰਮ੍ਰਿਤਸਰ ਸਿਵਲ ਲਾਈਨ ਦੀ ਪੁਲਿਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਬੁੱਧਵਾਰ ਨੂੰ ਫਿਰ ਜੱਗੂ ਨੂੰ ਅਦਾਲਤ 'ਚ ਲੈ ਕੇ ਗਈ।
ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਅੰਮ੍ਰਿਤਸਰ ਦੇ ਇਕ ਡਾਕਟਰ ਕਪੂਰ ਨੂੰ ਫੋਨ ਕਰਕੇ ਪੈਸੇ ਲਈ ਧਮਕੀ ਦਿੱਤੀ ਗਈ ਸੀ। ਫੋਨ ਕਰਨ ਵਾਲਾ ਆਪਣੇ ਆਪ ਨੂੰ ਜੱਗੂ ਦਾ ਕਰੀਬੀ ਦੱਸ ਰਿਹਾ ਸੀ ਅਤੇ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਤਿੰਨ ਦਿਨਾਂ ਦੇ ਅੰਦਰ ਹੀ ਕਾਲਰ ਨੂੰ ਪੁਲਿਸ ਨੇ ਫੜ ਲਿਆ।
ਫੜੇ ਗਏ ਮੁਲਜ਼ਮ ਦੀ ਪਛਾਣ ਕੈਪਟਨ ਇੰਦਰਪ੍ਰੀਤ ਸਿੰਘ ਵਾਸੀ ਗੇਟ ਹਕੀਮਾਂ ਵਜੋਂ ਹੋਈ ਹੈ। ਪੁਲਿਸ ਬਿਆਨ ਵਿਚ ਵੀ ਮੁਲਜ਼ਮ ਨੇ ਆਪਣੇ ਆਪ ਨੂੰ ਜੱਗੂ ਦਾ ਕਰੀਬੀ ਦੱਸਿਆ ਸੀ। ਜੱਗੂ ਨੇ ਉਸ ਨੂੰ 1 ਕਰੋੜ ਰੁਪਏ 'ਚੋਂ 10 ਫੀਸਦੀ ਹਿੱਸਾ ਦੇਣ ਦਾ ਵਾਅਦਾ ਵੀ ਕੀਤਾ ਸੀ।